ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
Tuesday, Jan 30, 2018 - 06:41 AM (IST)
ਤਲਵੰਡੀ ਸਾਬੋ(ਮੁਨੀਸ਼)-ਵਿਜੀਲੈਂਸ ਬਿਊਰੋ ਮਾਨਸਾ ਦੀ ਟੀਮ ਨੇ ਅੱਜ ਕਚਹਿਰੀ ਕੰਪਲੈਕਸ ਵਿਚੋਂ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਦੇ ਰੀਡਰ ਨੂੰ ਇਕ ਕਿਸਾਨ ਤੋਂ ਜ਼ਮੀਨ ਦੀ ਗਿਰਦਾਵਰੀ ਦੀ ਦਰੁਸਤੀ ਲਈ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਜਦੋਂਕਿ ਇਸੇ ਮਾਮਲੇ ਵਿਚ ਇਕ ਪਟਵਾਰੀ ਦੇ ਪ੍ਰਾਈਵੇਟ ਸਹਾਇਕ ਖਿਲਾਫ ਵੀ ਮਾਮਲਾ ਦਰਜ ਕੀਤੇ ਜਾਣ ਦੀ ਵਿਜੀਲੈਂਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। ਵਿਜੀਲੈਂਸ ਬਿਊਰੋ ਮਾਨਸਾ ਵੱਲੋਂ ਆਈ ਟੀਮ ਦੇ ਇੰਚਾਰਜ ਡੀ. ਐੱਸ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਧਿੰਗੜ (ਮਾਨਸਾ) ਨੇ ਫਰਵਰੀ 2017 ਵਿਚ ਆਪਣੀ ਪਤਨੀ ਤੇ ਪਿਤਾ ਦੇ ਨਾਂ 'ਤੇ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਵਿਚ 22 ਕਨਾਲ ਜ਼ਮੀਨ ਬੈਅ ਲਈ ਸੀ, ਜਿਸਦੀ ਗਿਰਦਾਵਰੀ ਖਰੀਦਦਾਰ ਦੇ ਨਾਂ ਨਾ ਹੋਣ 'ਤੇ ਉਸਨੇ ਕੇਸ ਕੀਤਾ, ਜੋ ਮੌਕਾ ਦੇਖਣ ਲਈ ਨਾਇਬ ਤਹਿਸੀਲਦਾਰ ਨੂੰ ਮਾਰਕ ਹੋਇਆ। ਨਾਇਬ ਤਹਿਸੀਲਦਾਰ ਵੱਲੋਂ ਮੌਕਾ ਨਾ ਦੇਖੇ ਜਾਣ ਤੋਂ ਬਾਅਦ ਕਿਸਾਨ ਮਨਜੀਤ ਸਿੰਘ ਨੇ ਨਾਇਬ ਤਹਿਸੀਲਦਾਰ ਦੇ ਰੀਡਰ ਨਵਜੀਤ ਸਿੰਘ ਨਾਲ ਸੰਪਰਕ ਕੀਤਾ, ਜਿਸ ਨੇ ਮੌਕਾ ਦੇਖਣ ਲਈ ਪੈਸਿਆਂ ਦੀ ਮੰਗ ਕੀਤੀ। ਸੌਦੇ ਉਪਰੰਤ ਦਸੰਬਰ ਵਿਚ ਨਾਇਬ ਤਹਿਸੀਲਦਾਰ ਨੇ ਮੌਕਾ ਦੇਖਿਆ । ਇਸ ਤੋਂ ਬਾਅਦ ਪਟਵਾਰੀ ਭਗਵਾਨਪੁਰਾ ਦੇ ਸਹਾਇਕ ਕੁਲਦੀਪ ਸਿੰਘ ਨੇ ਕਿਸਾਨ ਤੋਂ 18 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਸੌਦਾ ਅਖੀਰ 'ਚ 10 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ, ਜਿਸ 'ਚੋਂ ਤਿੰਨ ਹਜ਼ਾਰ ਰੁਪਏ ਉਸਨੇ ਮੌਕੇ 'ਤੇ ਕਿਸਾਨ ਤੋਂ ਲੈ ਲਏ ਸਨ ਤੇ ਬਾਕੀ ਪੈਸੇ ਕੰਮ ਹੋਣ ਤੋਂ ਬਾਅਦ ਦੇਣ ਦੀ ਗੱਲ ਹੋਈ ਸੀ। ਵਿਜੀਲੈਂਸ ਅਧਿਕਾਰੀ ਦੇ ਦੱਸਣ ਅਨੁਸਾਰ ਕਿਸਾਨ ਦਾ ਕੰਮ ਹੋ ਗਿਆ ਸੀ ਤੇ ਕੰਮ ਹੋਣ ਉਪਰੰਤ ਨਵਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਕਿਸਾਨ 'ਤੇ ਪੈਸੇ ਦੇਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰੀਡਰ ਨੇ 25 ਜਨਵਰੀ ਨੂੰ ਕਿਸਾਨ ਨੂੰ ਫੋਨ 'ਤੇ ਕਿਹਾ ਕਿ ਜੇ ਪੈਸੇ ਨਹੀਂ ਦੇਵੇਗਾ ਤਾਂ ਉਹ ਸਾਰੀ ਗੱਲ ਨਾਇਬ ਤਹਿਸੀਲਦਾਰ ਨੂੰ ਦੱਸ ਦੇਵੇਗਾ ਤੇ ਆਖਿਰ ਗੱਲ ਇਸ 'ਤੇ ਮੁੱਕੀ ਕਿ ਹੋਰ ਨਹੀਂ ਤਾਂ ਘੱਟੋ-ਘੱਟ ਚਾਰ-ਪੰਜ ਹਜ਼ਾਰ ਰੁਪਏ ਤਾਂ ਜ਼ਰੂਰ ਦਿਓ, ਜਿਸ 'ਤੇ ਪੀੜਤ ਕਿਸਾਨ ਨੇ ਵਿਜੀਲੈਂਸ ਕੋਲ ਪਹੁੰਚ ਕੀਤੀ, ਅੱਜ ਕਿਸਾਨ ਨੇ ਰੀਡਰ ਨਵਜੀਤ ਸਿੰਘ ਨੂੰ ਉਸ ਸਮੇਂ ਚਾਰ ਹਜ਼ਾਰ ਰੁਪਏ ਦਿੱਤੇ ਜਦੋਂ ਉਹ ਨਾਇਬ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਕਰਨ ਮੌਕੇ ਵਰਤੇ ਜਾਣ ਵਾਲੇ ਕਮਰੇ ਵਿਚ ਸੀ ਤਾਂ ਉਸਨੇ ਪੈਸੇ ਆਪਣੀ ਪੈਂਟ ਦੀ ਪਿਛਲੀ ਜੇਬ ਵਿਚ ਪਾ ਲਏ ਤੇ ਨਾਇਬ ਤਹਿਸੀਲਦਾਰ ਦੇ ਦਫਤਰ ਵਿਚ ਆ ਗਿਆ, ਜਿਥੇ ਵਿਜੀਲੈਂਸ ਟੀਮ ਦੀ ਰੇਡ ਦੌਰਾਨ ਉਸ ਨੇ ਪੈਸੇ ਜ਼ਮੀਨ 'ਤੇ ਸੁੱਟ ਦਿੱਤੇ ਪਰ ਰੀਡਰ ਦੀ ਪੈਂਟ ਦੀ ਜੇਬ ਅਤੇ ਪੈਸਿਆਂ ਤੋਂ ਹੱਥਾਂ ਨੂੰ ਲੱਗਾ ਰੰਗ ਮਿਲਣ ਅਤੇ ਸਬੰਧਤ ਰਕਮ ਦੀ ਬਰਾਮਦਗੀ ਉਪਰੰਤ ਰੀਡਰ ਅਤੇ ਪਟਵਾਰੀ ਦੇ ਸਹਾਇਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਡੀ. ਐੱਸ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਦੇ ਰੀਡਰ ਨਵਜੀਤ ਸਿੰਘ ਤੇ ਪਟਵਾਰੀ ਦੇ ਨਿੱਜੀ ਸਹਾਇਕ ਕੁਲਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
