ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਫੜੇ ਗਏ ਮਹਿਲਾ ਦਾ ਪਰਸ ਖੋਹਣ ਵਾਲੇ
Friday, Jan 26, 2018 - 04:53 AM (IST)
ਲੁਧਿਆਣਾ(ਪੰਕਜ)-ਐਕਟਿਵਾ 'ਤੇ ਜਾ ਰਹੀ ਮਹਿਲਾ ਦਾ ਪਿੱਛਾ ਕਰ ਕੇ ਪਰਸ ਖੋਹਣ ਵਾਲੇ ਮੋਟਰਸਾਈਕਲ ਸਵਾਰਾਂ ਲਈ ਸੀ. ਸੀ. ਟੀ. ਵੀ. ਫੁਟੇਜ ਸਰਾਪ ਸਾਬਤ ਹੋਈ, ਜਿਸ ਦੀ ਵਜ੍ਹਾ ਨਾਲ ਪਿਛਲੇ ਕਈ ਮਹੀਨਿਆਂ ਤੋਂ ਵਾਹਨ ਚੋਰੀ, ਲੁੱਟ-ਖੋਹ ਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਉਣ ਵਾਲੇ ਦੋਨੋਂ ਮੁਲਜ਼ਮ ਮਾਡਲ ਟਾਊਨ ਪੁਲਸ ਦੇ ਹੱਥੇ ਚੜ੍ਹ ਗਏ। ਪੁਲਸ ਨੇ ਇਨ੍ਹਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਤੇ ਰਾਹਗੀਰਾਂ ਤੋਂ ਖੋਹੇ ਹੋਏ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਏਰੀਏ 'ਚ 18 ਜਨਵਰੀ ਨੂੰ ਐਕਟਿਵਾ 'ਤੇ ਸਵਾਰ ਹੋ ਕੇ ਘਰ ਜਾ ਰਹੀ ਮਾਡਲ ਹਾਊਸ ਦੀ ਦਲਜੀਤ ਕੌਰ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਪਿੱਛਾ ਕਰ ਕੇ ਪਰਸ ਝਪਟ ਲਿਆ ਸੀ। ਪੀੜਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਦੀ ਪਛਾਣ ਕਰ ਲਈ ਅਤੇ ਨਾਕਾਬੰਦੀ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਹੈਬੋਵਾਲ ਦੁਰਗਾਪੁਰੀ ਗਲੀ ਨੰਬਰ 9 ਨਿਵਾਸੀ ਨਿਤਿਨ ਵਰਮਾ ਤੇ ਰਣਜੋਧ ਪਾਰਕ ਨਿਵਾਸੀ ਰੋਹਨ ਵਰਮਾ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤੇ ਹੋਏ 3 ਮੋਟਰਸਾਈਕਲ ਬਰਾਮਦ ਕੀਤੇ ਹਨ, ਜਿਨ੍ਹਾਂ 'ਚੋਂ 1 ਮੁਲਜ਼ਮਾਂ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਬਾਹਰੋਂ ਤੇ ਦੂਸਰਾ ਡੀ. ਐੱਮ. ਸੀ. ਦੇ ਬਾਹਰੋਂ ਚੋਰੀ ਕੀਤਾ ਸੀ। ਉਥੇ ਜਿਸ ਮੋਟਰਸਾਈਕਲ 'ਤੇ ਦੋਨੋਂ ਮੁਲਜ਼ਮ ਵਾਰਦਾਤ ਨੂੰ ਅੰਜਾਮ ਦਿੰਦੇ ਸਨ, ਉਹ ਵੀ ਚੋਰੀ ਦਾ ਸੀ, ਜਿਸ 'ਤੇ ਜਾਅਲੀ ਨੰਬਰ ਲਾ ਕੇ ਵਾਰਦਾਤ ਕਰਦੇ ਸਨ। ਪੁੱਛਗਿੱਛ ਵਿਚ ਦੋਵਾਂ ਨੇ ਸਵੀਕਾਰ ਕੀਤਾ ਕਿ ਉਹ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਅਪਰਾਧ ਕਰਦੇ ਸਨ ਅਤੇ ਉਨ੍ਹਾਂ 'ਤੇ ਪੀ. ਏ. ਯੂ. ਥਾਣੇ ਵਿਚ ਕੇਸ ਵੀ ਦਰਜ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ 6 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ।
