ਚੋਰ ਗਿਰੋਹ ਦੇ 2 ਹੋਰ ਮੈਂਬਰ ਗ੍ਰਿਫਤਾਰ, 3 ਫਰਾਰ
Wednesday, Dec 27, 2017 - 04:45 AM (IST)
ਜਗਰਾਓਂ(ਸ਼ੇਤਰਾ, ਚਾਹਲ)-ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਆਈ. ਪੀ. ਐੱਸ. ਨੇ ਮੰਗਲਵਾਰ ਨੂੰ ਇਥੇ ਪੁਲਸ ਲਾਈਨ ਜਗਰਾਓਂ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਟੂ-ਵ੍ਹੀਲਰ ਚੋਰੀ ਕਰਨ ਵਾਲੇ ਇਕ ਗਿਰੋਹ ਦੇ 2 ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਜ਼ਿਲਾ ਪੁਲਸ ਮੁਖੀ ਅਨੁਸਾਰ ਕਾਬੂ ਕੀਤੇ ਦੋ ਮੁਲਜ਼ਮਾਂ ਦੇ 3 ਸਾਥੀ ਭੱਜਣ 'ਚ ਸਫਲ ਹੋ ਗਏ ਪਰ ਪੁਲਸ ਨੇ ਕਾਬੂ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਪਾਸੋਂ 20 ਚੋਰੀ ਦੇ ਹੋਰ ਮੋਟਰਸਾਈਕਲ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ 65 ਮੋਟਰਸਾਈਕਲ ਪਹਿਲਾਂ ਬਰਾਮਦ ਕੀਤੇ ਸਨ ਤੇ ਇਸ ਤਰ੍ਹਾਂ ਹੁਣ ਤਕ ਪੁਲਸ 85 ਚੋਰੀ ਦੇ ਮੋਟਰਸਾਈਕਲ ਬਰਾਮਦ ਕਰ ਚੁੱਕੀ ਹੈ। ਐੱਸ. ਪੀ. (ਡੀ) ਰੁਪਿੰਦਰ ਭਾਰਦਵਾਜ, ਐੱਸ. ਪੀ. (ਐੱਚ) ਗੁਰਦੀਪ ਸਿੰਘ, ਡੀ. ਐੱਸ. ਪੀ. ਸਰਬਜੀਤ ਸਿੰਘ ਅਤੇ ਡੀ. ਐੱਸ. ਪੀ. ਦਾਖਾ ਜਸਵਿੰਦਰ ਸਿੰਘ ਦੀ ਮੌਜੂਦਗੀ 'ਚ ਦੱਸਿਆ ਕਿ ਪਿਛਲੇ ਦਿਨੀਂ ਦਿਹਾਤੀ ਪੁਲਸ ਨੇ ਪੰਜਾਬ 'ਚ ਟੂ-ਵ੍ਹੀਲਰ ਚੋਰੀ ਕਰਨ ਦੇ ਵੱਡੇ ਗੈਂਗ ਦਾ ਪਰਦਾਫਾਸ਼ ਕਰਦਿਆਂ ਦਿਲਬਾਗ ਸਿੰਘ ਬਾਘਾ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 65 ਚੋਰੀ ਦੇ ਮੋਟਰਸਾਈਕਲ ਅਤੇ 3 ਪਿਸਤੌਲ ਸਮੇਤ ਹੈਰੋਇਨ ਬਰਾਮਦ ਕੀਤੀ ਸੀ, ਜੋ ਇਸ ਗੈਂਗ ਦੇ ਬਾਕੀ ਸਰਗਰਮ ਮੈਂਬਰਾਂ ਦੀ ਗ੍ਰਿਫਤਾਰੀ ਲਈ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿੱਧਵਾਂ ਬੇਟ ਅਤੇ ਏ. ਐੱਸ. ਆਈ. ਸੁਖਮੰਦਰ ਸਿੰਘ ਇੰਚਾਰਜ ਚੌਕੀ ਭੂੰਦੜੀ ਵੱਲੋਂ ਪਿੰਡ ਆਲੀਵਾਲ ਚੌਕ 'ਚ ਨਾਕਾਬੰਦੀ ਕੀਤੀ ਗਈ ਸੀ, ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੰਗਰੇਜ਼ ਸਿੰਘ ਉਰਫ ਗੇਜੀ ਵਾਸੀ ਮੀਆਂ ਸਿੰਘ ਵਾਲਾ ਥਾਣਾ ਮੱਲਾਂਵਾਲਾ (ਫਿਰੋਜ਼ਪੁਰ), ਜਰਨੈਲ ਸਿੰਘ ਤੇ ਬੋਹੜ ਸਿੰਘ (ਦੋਵੇਂ ਭਰਾ) ਵਾਸੀਆਨ ਨਿਹਾਲੇਵਾਲਾ ਥਾਣਾ ਸਦਰ ਫਿਰੋਜ਼ਪੁਰ, ਸੁਖਵਿੰਦਰ ਸਿੰਘ ਉਰਫ ਸ਼ਿੰਦਾ ਅਤੇ ਜਸਵਿੰਦਰ ਸਿੰਘ ਦੋਵੇਂ ਵਾਸੀ ਸਲੇਮਪੁਰਾ ਥਾਣਾ ਸਿੱਧਵਾਂ ਬੇਟ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਮੋਟਰਸਾਈਕਲ ਅਤੇ ਟਰੈਕਟਰ-ਟਰਾਲੀਆਂ ਚੋਰੀ ਕਰਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਦੇ ਹਨ। ਪੁਲਸ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਇਹ ਪੰਜੇ ਅੱਜ ਵੀ ਚੋਰੀ ਦੇ 3 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਇਨ੍ਹਾਂ ਨੂੰ ਦਰਿਆ ਸਤਲੁਜ ਦੇ ਬੰਨ੍ਹ 'ਤੇ ਹੰਬੜਾਂ ਵੱਲ ਨੂੰ ਵੇਚਣ ਜਾ ਰਹੇ ਹਨ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪਿੰਡ ਕੁੱਲ ਗਹਿਣਾ ਦੇ ਕੋਲ ਬੰਨ੍ਹ 'ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਸੁਖਵਿੰਦਰ ਸਿੰਘ ਉਰਫ ਛਿੰਦਾ ਅਤੇ ਜਸਵਿੰਦਰ ਸਿੰਘ ਵਾਸੀ ਸਲੇਮਪੁਰਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 4 ਪਿਸਤੌਲਾਂ ਸਮੇਤ 8 ਜ਼ਿੰਦਾ ਕਾਰਤੂਸ ਅਤੇ 20 ਚੋਰੀ ਦੇ ਮੋਟਰਸਾਈਕਲ/ਸਕੂਟਰ ਬਰਾਮਦ ਕੀਤੇ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਦਿਲਬਾਗ ਸਿੰਘ ਬਾਘਾ ਗੈਂਗ ਦੇ ਮੈਂਬਰ ਹਨ ਅਤੇ ਉਹ ਲੁਧਿਆਣਾ-ਫਿਰੋਜ਼ਪੁਰ ਤੋਂ ਮੋਟਰਸਾਈਕਲ ਚੋਰੀ ਕਰਕੇ ਅੰਮ੍ਰਿਤਸਰ, ਤਰਨਤਾਰਨ ਆਦਿ ਜ਼ਿਲਿਆਂ 'ਚ ਆਪਣੇ ਗੈਂਗ ਮੈਂਬਰਾਂ ਨੂੰ ਦੇ ਦਿੰਦੇ ਸਨ, ਜੋ ਉਹ ਅੱਗੇ ਵੇਚ ਦਿੰਦੇ ਸਨ ਅਤੇ ਅੰਮ੍ਰਿਤਸਰ ਤੋਂ ਚੋਰੀ ਕਰਕੇ ਉਹ ਇਨ੍ਹਾਂ ਦੇ ਹਵਾਲੇ ਕਰ ਦਿੰਦੇ ਸਨ। ਐੱਸ. ਐੱਸ. ਪੀ. ਨੇ ਕਿਹਾ ਕਿ ਹੁਣ ਤਕ ਇਸ ਗੈਂਗ ਕੋਲੋਂ 7 ਹਥਿਆਰ ਅਤੇ 85 ਮੋਟਰਸਾਈਕਲ ਅਤੇ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਮੁਲਜ਼ਮਾਂ ਦਾ ਅਦਾਲਤ ਤੋਂ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਜਾਰੀ ਹੈ। ਜ਼ਿਲਾ ਪੁਲਸ ਮੁਖੀ ਨੇ ਭੱਜਣ 'ਚ ਸਫਲ ਹੋਏ ਬਾਕੀ 3 ਮੁਲਜ਼ਮ ਵੀ ਜਲਦ ਕਾਬੂ ਕਰ ਲੈਣ ਦੀ ਗੱਲ ਆਖੀ।
