ਪੁਲਸ ਹੱਥ ਲੱਗੀ ਸਫਲਤਾ ਚੋਰ ਗਿਰੋਹ ਦੇ 3 ਮੈਂਬਰ ਅੜਿੱਕੇ

12/21/2017 7:10:21 AM

ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ)- ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ 2 ਹਫਤੇ ਪਹਿਲਾਂ ਸਿੰਗਲਾ ਮੈਡੀਕਲ ਸਟੋਰ 'ਚੋਂ ਦਵਾਈਆਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ। ਪੁਲਸ ਨੇ ਉਨ੍ਹਾਂ ਕੋਲੋਂ ਵੇਚੀਆਂ ਗਈਆਂ ਦਵਾਈਆਂ ਦੀ ਰਕਮ 'ਚੋਂ 62 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਇਕ ਪ੍ਰੈੱਸ ਕਾਨਫਰੰਸ 'ਚ ਥਾਣਾ ਸਿਟੀ-2 ਦੇ ਮੁਖੀ ਮਜੀਦ ਖਾਂ ਨੇ ਦੱਸਿਆ ਕਿ ਫੜੇ ਗਏ ਚੋਰਾਂ ਨੇ ਤੇਲੀਆਂ ਬਾਜ਼ਾਰ ਨੇੜੇ ਸਿੰਗਲਾ ਮੈਡੀਕਲ ਸਟੋਰ 'ਚੋਂ ਛੱਤ ਰਾਹੀਂ ਦਾਖਲ ਹੋ ਕੇ 1 ਲੱਖ ਰੁਪਏ ਦੀਆਂ ਦਵਾਈਆਂ ਦੇ 7 ਡੱਬੇ ਚੋਰੀ ਕਰ ਲਏ ਸਨ। ਥਾਣੇਦਾਰ ਨਿਰਭੈ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਰਾਏਕੋਟ ਰੋਡ 'ਤੇ ਰੇਲਵੇ ਫਾਟਕ ਨੇੜਿਓਂ ਤਰੁਣ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਮੁਹੱਲਾ ਧੋਬੀਆਂ ਨੇੜੇ ਛੋਟਾ ਚੌਕ, ਮੁਹੰਮਦ ਹੁਮਸ਼ ਪੁੱਤਰ ਮੁਹੰਮਦ ਅਨਵਰ ਵਾਸੀ ਕੱਚਾ ਕੋਟ ਤੇ ਸੰਮੀ ਪੁੱਤਰ ਮੁਹੰਮਦ ਦਿਲਸ਼ਾਦ ਵਾਸੀ ਨੇੜੇ ਦਿੱਲੀ ਗੇਟ ਮਾਲੇਰਕੋਟਲਾ ਨੂੰ ਕਾਬੂ ਕਰ ਕੇ 62 ਹਜ਼ਾਰ ਰੁਪਏ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਸ ਚੋਰ ਗਿਰੋਹ ਦਾ ਸਰਗਣਾ ਮੁਹੰਮਦ ਅਲੀ ਉਰਫ ਟੀਪੂ ਪੁੱਤਰ ਮੁਹੰਮਦ ਸ਼ਬੀਰ ਵਾਸੀ ਛੱਤਾ ਮਾਲੇਰਕੋਟਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਰਾਰ ਦੋਸ਼ੀ ਟੀਪੂ ਵੀ ਜਲਦੀ ਹੀ ਪੁਲਸ ਦੀ ਗ੍ਰਿਫਤ 'ਚ ਹੋਵੇਗਾ। ਸਿੰਗਲਾ ਮੈਡੀਕਲ ਸਟੋਰ 'ਚੋਂ ਚੋਰੀ ਕੀਤੀਆਂ ਦਵਾਈਆਂ ਅੱਗੇ ਕਿਸੇ ਮੈਡੀਕਲ ਸਟੋਰ ਵਾਲੇ ਨੂੰ ਵੇਚੀਆਂ ਗਈਆਂ ਹਨ। ਇਸ ਸੰਬੰਧੀ ਫਰਾਰ ਟੀਪੂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਫੜੇ ਗਏ ਤਿੰਨੇ ਦੋਸ਼ੀਆਂ ਨੂੰ ਅੱਜ ਬਾਅਦ ਦੁਪਹਿਰ ਮਾਲੇਰਕੋਟਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।


Related News