ਪੁਲਸ ਨੇ ਅਫੀਮ ਸਣੇ ਟਰੱਕ ਡਰਾਈਵਰ ਨੂੰ ਕੀਤਾ ਕਾਬੂ
Saturday, Dec 09, 2017 - 06:42 AM (IST)
ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਬਰਾੜ ਕਪਤਾਨ ਪੁਲਸ ਐੱਸ. ਟੀ. ਐੱਫ. ਸਪੈਸ਼ਲ ਟਾਸਕ ਫੋਰਸ ਸੰਗਰੂਰ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਐੱਸ. ਟੀ. ਐੱਫ. ਟੀਮ ਸੰਗਰੂਰ ਅਤੇ ਖਨੌਰੀ ਪੁਲਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਇਕ ਵਿਅਕਤੀ ਨੂੰ ਟਰੱਕ ਸਣੇ ਕਾਬੂ ਕਰ ਕੇ ਉਸ ਕੋਲੋਂ 250 ਗ੍ਰਾਮ ਅਫੀਮ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਹੌਲਦਾਰ ਜਸਵੰਤ ਸਿੰਘ ਅਤੇ ਥਾਣਾ ਘਨੌਰੀ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਮੇਨ ਰੋਡ ਪਾਤੜਾਂ-ਨਰਵਾਣਾ ਨੇੜੇ ਸਤਿਸੰਗ ਭਵਨ ਖਨੌਰੀ ਕੋਲ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਈਵਰ ਪਿੱਛੇ ਮੁੜਨ ਲੱਗਾ ਪਰ ਪੁਲਸ ਪਾਰਟੀ ਦੀ ਮਦਦ ਨਾਲ ਟਰੱਕ ਡਰਾਈਵਰ ਸਤਨਾਮ ਸਿੰਘ ਉਰਫ ਸੱਤਾ ਵਾਸੀ ਚੁਤਾਲਾ ਥਾਣਾ ਤਰਨਤਾਰਨ ਨੂੰ ਕਾਬੂ ਕਰ ਕੇ ਉਸ ਕੋਲੋਂ 250 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਮੁਲਜ਼ਮ ਵਿਰੁੱਧ ਥਾਣਾ ਖਨੌਰੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫੜਿਆ ਗਿਆ ਟਰੱਕ ਓਡਿਸ਼ਾ ਰਾਜ ਦਾ: ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਕਤ ਟਰੱਕ ਓਡਿਸ਼ਾ ਸੂਬੇ ਦਾ ਹੈ, ਜਿਸ 'ਤੇ ਉਹ ਕਰੀਬ 6 ਮਹੀਨਿਆਂ ਤੋਂ ਡਰਾਈਵਰੀ ਕਰ ਰਿਹਾ ਸੀ। ਟਰੱਕ ਦਾ ਮਾਲਕ ਵੀ ਓਡਿਸ਼ਾ ਦਾ ਹੀ ਹੈ। ਮੁਲਜ਼ਮ ਇਸ ਟਰੱਕ ਵਿਚ ਝਾਰਖੰਡ ਤੋਂ ਲੁਧਿਆਣਾ ਲਈ ਕਾਰਬਨ ਲੋਡ ਕਰ ਕੇ ਜਾ ਰਿਹਾ ਸੀ ਤੇ ਉਸ ਨੇ ਇਹ ਅਫੀਮ ਝਾਰਖੰਡ ਦੇ ਗੁਮਲਾ ਸ਼ਹਿਰ ਦੇ ਇਕ ਢਾਬੇ ਤੋਂ 20 ਹਜ਼ਾਰ ਦੀ ਖਰੀਦੀ ਸੀ, ਜੋ ਇਸ ਨੇ ਮਹਿੰਗੇ ਭਾਅ ਵਿਚ ਅੱਗੇ ਵੇਚਣੀ ਸੀ।
