ਗਹਿਣੇ ਬਣਾਉਣ ਵਾਲੇ 4 ਕਾਰੀਗਰ 30 ਲੱਖ ਦਾ ਸੋਨਾ ਲੈ ਕੇ ਫਰਾਰ, ਇਕ ਕਾਬੂ
Sunday, Nov 05, 2017 - 04:10 AM (IST)
ਲੁਧਿਆਣਾ(ਤਰੁਣ)-ਸਰਾਫਾ ਬਾਜ਼ਾਰ ਵਿਚ ਕੰਮ ਕਰਨ ਵਾਲੇ ਚਾਰ ਕਾਰੀਗਰਾਂ ਦੀ ਨੀਅਤ ਖਰਾਬ ਹੋ ਗਈ। ਦੋ ਮਹੀਨੇ ਪਹਿਲਾਂ ਚਾਰ ਕਾਰੀਗਰ ਤਿੰਨ ਸੁਨਿਆਰਿਆਂ ਦਾ ਇਕ ਕਿਲੋ ਸੋਨਾ ਲੈ ਕੇ ਕਲਕੱਤਾ ਫਰਾਰ ਹੋ ਗਏ, ਜਿਸ ਤੋਂ ਬਾਅਦ ਸੁਨਿਆਰਿਆਂ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਇਕ ਮੁਲਜ਼ਮ ਬੀਤੀ ਰਾਤ ਕਲਕੱਤਾ ਤੋਂ ਲੁਧਿਆਣਾ ਆਇਆ, ਜਿਸ ਨੂੰ ਸੂਚਨਾ ਦੇ ਆਧਾਰ 'ਤੇ ਥਾਣਾ ਦਰੇਸੀ ਦੀ ਪੁਲਸ ਨੇ ਦਬੋਚ ਲਿਆ। ਮੁਲਜ਼ਮਾਂ ਦੀ ਪਛਾਣ ਹਬੀਬਉਲਾਹ ਸ਼ੇਖ, ਅਮਨ, ਇਬਰਾਹਿਮ, ਸੈਫੁੱਲਾਹ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਤੋਂ ਕਲਕੱਤਾ ਦੇ ਰਹਿਣ ਵਾਲੇ ਹਨ। ਇਨ੍ਹਾਂ ਖਿਲਾਫ ਧੋਖਾਦੇਹੀ ਸਮੇਤ ਕਈ ਅਪਰਾਧਿਕ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਸਰਾਫਾ ਬਾਜ਼ਾਰ ਦੇ ਜਗਦੰਬਾ ਜਿਊਲਰਜ਼, ਹਾਂਡਾ ਜਿਊਲਰਜ਼ ਤੇ ਆਰ. ਕੇ. ਜਿਊਲਰਜ਼ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਹੈ ਕਿ ਮੁਲਜ਼ਮ 30 ਲੱਖ ਦੀ ਕੀਮਤ ਦਾ ਇਕ ਕਿਲੋ ਸੋਨਾ ਲੈ ਕੇ ਫਰਾਰ ਹੋਏ ਸਨ। ਚਾਰੇ ਮੁਲਜ਼ਮ ਆਪਸ ਵਿਚ ਰਿਸ਼ਤੇਦਾਰ ਹਨ। ਹਬੀਬਉਲਾਹ ਤੇ ਅਮਨ ਸਕੇ ਭਰਾ ਹਨ ਜਦੋਂਕਿ ਇਬਰਾਹਿਮ ਤੇ ਸੈਫੁੱਲਾਹ ਭਾਣਜੇ ਹਨ। ਚਾਰੇ ਕਈ ਸਾਲਾਂ ਤੋਂ ਸਰਾਫਾ ਬਾਜ਼ਾਰ ਵਿਚ ਹੀ ਰਹਿੰਦੇ ਹਨ ਤੇ ਸੋਨੇ ਦੇ ਗਹਿਣੇ ਬਣਾਉਂਦੇ ਹਨ। ਪੁਰਾਣੇ ਅਤੇ ਚੰਗੇ ਕਾਰੀਗਰ ਹੋਣ ਕਾਰਨ ਸਰਾਫਾ ਬਾਜ਼ਾਰ ਦੇ ਸੁਨਿਆਰਿਆਂ ਵਿਚ ਮੁਲਜ਼ਮਾਂ ਦੀ ਚੰਗੀ ਪੈਠ ਬਣ ਚੁੱਕੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ 2 ਸਤੰਬਰ ਨੂੰ ਹਬੀਬਉਲਾਹ ਸੋਨਾ ਲੈ ਕੇ ਫਰਾਰ ਹੋ ਗਿਆ, ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਬਾਕੀ ਤਿੰਨੋ ਮੁਲਜ਼ਮ ਕੁਝ ਦਿਨ ਬਾਅਦ ਕਲਕੱਤਾ ਰਵਾਨਾ ਹੋਏ ਸਨ। ਮਾਮਲਾ ਸ਼ਾਂਤ ਹੁੰਦਾ ਦੇਖ ਕੇ ਹਬੀਬਉਲਾਹ ਲੁਧਿਆਣਾ ਪੁੱਜਾ ਤੇ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਹਾਲ ਦੀ ਘੜੀ ਸੋਨਾ ਰਿਕਵਰ ਨਹੀਂ ਹੋਇਆ ਹੈ। ਪੁਲਸ ਨੇ ਹਬੀਬਉਲਾਹ ਨੂੰ ਅਦਾਲਤ 'ਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
