ਸੜਕ ਦੁਰਘਟਨਾ ਨੇ ਮਹਿਲਾ ਨੂੰ ਬਣਾ ਦਿੱਤਾ ਹੈਰੋਇਨ ਸਮੱਗਲਰ

09/21/2017 3:21:38 AM

ਲੁਧਿਆਣਾ(ਪੰਕਜ)-ਸੜਕ ਦੁਰਘਟਨਾ 'ਚ ਪਏ ਸਰੀਰਕ ਨੁਕਸ ਨੇ ਘਰੇਲੂ ਮਹਿਲਾ ਨੂੰ ਜੀਵਨ ਬਸਰ ਕਰਨ ਲਈ ਨਸ਼ਾ ਸਮੱਗਲਰ ਬਣਾ ਦਿੱਤਾ। ਇਸ ਗੈਰ-ਕਾਨੂੰਨੀ ਧੰਦੇ ਦਾ ਹਿੱਸਾ ਬਣੀ ਦੋਸ਼ੀ ਮਹਿਲਾ ਨੂੰ ਹੁਣ ਜੇਲ ਦੀ ਹਵਾ ਖਾਣੀ ਪਵੇਗੀ। ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਰਾਮਪਾਲ ਅਤੇ ਉਸ ਦੀ ਟੀਮ ਵਲੋਂ ਮੰਗਲਵਾਰ ਨੂੰ ਸੰਜੇ ਗਾਂਧੀ ਕਾਲੋਨੀ ਨਿਵਾਸੀ ਮਧੂ ਬਾਲਾ ਪਤਨੀ ਸੁਮੇਰ ਮਸੀਹ ਨੂੰ 15 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਮਹਿਲਾ ਨੇ ਦੱਸਿਆ ਕਿ ਉਹ ਪਹਿਲਾਂ ਘਰੇਲੂ ਮਹਿਲਾ ਸੀ। ਪਰਿਵਾਰ ਆਰਥਿਕ ਰੂਪ 'ਚ ਕਾਫੀ ਕਮਜ਼ੋਰ ਸੀ। ਬਹੁਤ ਮੁਸ਼ਕਿਲ ਨਾਲ ਦੋ ਵਕਤ ਦੀ ਰੋਟੀ ਮਿਲਦੀ ਸੀ। ਇਸ ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ, ਜਿਸ ਨਾਲ ਉਸ ਦੀ ਇਕ ਲੱਤ ਟੁੱਟ ਗਈ ਅਤੇ ਬੇਹੱਦ ਕਮਜ਼ੋਰ ਹੋ ਗਈ। ਇਸ ਵਜ੍ਹਾ ਨਾਲ ਉਹ ਕੰਮਕਾਜ ਨਹੀਂ ਕਰ ਸਕਦੀ ਸੀ। ਘਰੇਲੂ ਲਾਚਾਰੀ ਅਤੇ ਸਰੀਰਕ ਅਸਮਰੱਥਾ ਨੇ ਉਸ ਨੂੰ ਨਸ਼ੇ ਦੀ ਸਮੱਗਲਿੰਗ ਦੇ ਧੰਦੇ 'ਚ ਧਕੇਲ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੂੰ ਵਿਸ਼ੇਸ਼ ਨਾਕਾਬੰਦੀ ਦੇ ਦੌਰਾਨ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਅਤੇ ਉਸ ਦੇ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਉਹ ਗਾਹਕਾਂ ਨੂੰ ਸਪਲਾਈ ਕਰਨ ਜਾ ਰਹੀ ਸੀ। ਮਹਿਲਾ ਨਸ਼ਾ ਕਿਸ ਤੋਂ ਖਰੀਦਦੀ ਸੀ, ਇਸ ਸਬੰਧੀ ਪੁੱਛਗਿੱਛ ਕਰ ਕੇ ਉਕਤ ਸਮੱਗਲਰ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।


Related News