ਝੂਠੀ ਗਵਾਹੀ ਦੇਣ ਆਏ ਵਿਅਕਤੀ ਨੂੰ ਕੀਤਾ ਕਾਬੂ

Friday, Jul 14, 2017 - 02:01 AM (IST)

ਝੂਠੀ ਗਵਾਹੀ ਦੇਣ ਆਏ ਵਿਅਕਤੀ ਨੂੰ ਕੀਤਾ ਕਾਬੂ

ਬਠਿੰਡਾ(ਬਲਵਿੰਦਰ)-ਬਠਿੰਡਾ ਅਦਾਲਤ 'ਚ ਇਕ ਅਜਿਹੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜੋ ਝੂਠੀ ਗਵਾਹੀ ਦੇ ਰਿਹਾ ਸੀ। ਪਹਿਲਾਂ ਉਹ ਆਪਣੇ ਭਰਾ ਦੀ ਥਾਂ 'ਤੇ ਅਦਾਲਤ 'ਚ ਪੇਸ਼ ਹੁੰਦਾ ਰਿਹਾ ਹੈ। ਵਕੀਲ ਐੱਚ. ਐੱਸ. ਖਾਰਾ ਅਤੇ ਜੀਵਨਜੋਤ ਸੇਠੀ ਨੇ ਦੱਸਿਆ ਕਿ ਉਹ ਨੀਰਜ ਕੁਮਾਰ ਵਾਸੀ ਬਠਿੰਡਾ ਦੇ ਵਕੀਲ ਹਨ, ਜਿਸ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਨੰ. 8, 17 ਜਨਵਰੀ 2014 ਦਰਜ ਹੈ। ਇਸ ਕੇਸ ਵਿਚ ਸ਼ਿਕਾਇਤਕਰਤਾ ਅਜੇ ਕੁਮਾਰ ਵਾਸੀ ਸੱਲ੍ਹੋ ਜ਼ਿਲਾ ਊਨਾ ਹੈ, ਜੋ ਕਿ ਹਰੇਕ ਪੇਸ਼ੀ 'ਤੇ ਅਦਾਲਤ 'ਚ ਪੇਸ਼ ਹੁੰਦਾ ਰਿਹਾ ਹੈ। ਅੱਜ ਮਾਣਯੋਗ ਸ਼੍ਰੀ ਰਣਦੀਪ ਕੁਮਾਰ ਜੇ. ਐੱਮ. ਸੀ. ਦੀ ਅਦਾਲਤ 'ਚ ਕੇਸ ਗਵਾਹੀ 'ਤੇ ਸੀ, ਜਿਸ ਵਿਚ ਅਜੇ ਕੁਮਾਰ ਗਵਾਹੀ ਦੇ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਗਵਾਹੀ ਦੇਣ ਵਾਲਾ ਅਜੇ ਕੁਮਾਰ ਨਹੀਂ ਹੈ, ਜਿਸ 'ਤੇ ਉਨ੍ਹਾਂ ਇਤਰਾਜ਼ ਦਰਜ ਕਰਵਾਇਆ। ਜੱਜ ਸਾਹਿਬ ਨੇ ਗਵਾਹੀ ਦੀ ਪ੍ਰਕਿਰਿਆ ਰੋਕ ਕੇ ਇਤਰਾਜ਼ ਦਰਜ ਕਰ ਕੇ ਉਕਤ ਪਾਸੋਂ ਉਸ ਦਾ ਸ਼ਨਾਖਤੀ ਕਾਰਡ ਮੰਗਿਆ। ਉਹ ਤੁਰੰਤ ਮੰਨ ਗਿਆ ਕਿ ਉਹ ਅਜੇ ਕੁਮਾਰ ਨਹੀਂ, ਸਗੋਂ ਉਸ ਦਾ ਭਰਾ ਗਗਨ ਕੁਮਾਰ ਹੈ। ਉਹ ਸ਼ੁਰੂ ਤੋਂ ਹੀ ਅਜੇ ਕੁਮਾਰ ਦੀ ਥਾਂ 'ਤੇ ਅਦਾਲਤ 'ਚ ਪੇਸ਼ ਹੁੰਦਾ ਰਿਹਾ ਹੈ। ਜੱਜ ਸਾਹਿਬ ਨੇ ਤੁਰੰਤ ਹੁਕਮ ਦੇ ਕੇ ਉਸ ਨੂੰ ਗ੍ਰਿਫ਼ਤਾਰ ਕਰਵਾਇਆ ਤੇ ਥਾਣਾ ਸਿਵਲ ਲਾਈਨ ਪੁਲਸ ਨੂੰ ਹੁਕਮ ਜਾਰੀ ਕੀਤੇ ਕਿ ਉਕਤ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ। ਸੰਭਾਵਨਾ ਹੈ ਕਿ ਪੜਤਾਲ ਤਹਿਤ ਅਸਲੀ ਅਜੇ ਕੁਮਾਰ ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋਵੇ ਕਿਉਂਕਿ ਉਹ ਵੀ ਗਗਨ ਕੁਮਾਰ ਦੇ ਅਦਾਲਤ ਵਿਚ ਪੇਸ਼ ਹੋਣ ਤੋਂ ਅਣਜਾਣ ਨਹੀਂ ਹੋਵੇਗਾ। ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਮੁਖੀ ਕੁਲਦੀਪ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਵਿਰੁੱਧ ਅਦਾਲਤੀ ਹੁਕਮਾਂ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।


Related News