ਲੁਟੇਰਾ ਗਿਰੋਹ ਦੇ 3 ਮੈਂਬਰ ਕਾਬੂ, 2 ਫਰਾਰ
Friday, Jul 07, 2017 - 04:06 AM (IST)
ਜਗਰਾਓਂ(ਜਸਬੀਰ ਸ਼ੇਤਰਾ, ਚਾਹਲ)–ਜਗਰਾਓਂ ਪੁਲਸ ਨੇ ਘੇਰਾਬੰਦੀ ਕਰਕੇ ਲੁਟੇਰਾ ਗਰੋਹ ਦੇ 3 ਮੈਂਬਰਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦੇ 2 ਸਾਥੀਆਂ ਵੱਲੋਂ ਹਨ੍ਹੇਰੇ ਦਾ ਫਾਇਦਾ ਉਠਾ ਕੇ ਭੱਜ ਜਾਣ ਦਾ ਦਾਅਵਾ ਕੀਤਾ ਹੈ। ਇਥੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਆਈ. ਪੀ. ਐੱਸ. ਨੇ ਦੱਸਿਆ ਕਿ ਲੁਟੇਰਾ ਗਿਰੋਹ ਉਂਝ ਤਾਂ ਹਰ ਤਰ੍ਹਾਂ ਦੀ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦਿੰਦਾ ਸੀ ਪਰ ਪ੍ਰਵਾਸੀ ਪੰਜਾਬੀਆਂ ਦੇ ਬੰਦ ਘਰ ਇਨ੍ਹਾਂ ਦੇ ਵਧੇਰੇ ਨਿਸ਼ਾਨੇ 'ਤੇ ਹੁੰਦੇ ਸਨ। ਇਹ ਗਰੋਹ ਜ਼ਿਲੇ ਅੰਦਰ 8 ਘਟਨਾਵਾਂ ਨੂੰ ਅੰਜਾਮ ਦੇਣ 'ਚ ਸਫਲ ਰਹੇ। ਇਸ ਤੋਂ ਇਲਾਵਾ ਇਨ੍ਹਾਂ 27 ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਕਣਕ ਤੇ ਚੌਲਾਂ ਦੀਆਂ 5-6 ਬੋਰੀਆਂ ਵੀ ਇਕੋ ਵੇਲੇ ਚੋਰੀ ਕਰਕੇ ਭੱਜ ਜਾਂਦੇ ਸਨ। ਉਨ੍ਹਾਂ ਦੱਸਿਆ ਐੱਸ. ਪੀ. (ਡੀ) ਪ੍ਰਿਥੀਪਾਲ ਸਿੰਘ ਅਤੇ ਡੀ. ਐੱਸ. ਪੀ. (ਡੀ) ਸਤਨਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੀ. ਆਈ. ਏ. ਸਟਾਫ ਤੇ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਨਿਸ਼ਾਨ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸ਼ਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਦੇ ਨਹਿਰ ਦੇ ਪੁਲ 'ਤੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਨਹਿਰ ਪੁਲ ਪਿੰਡ ਜੰਡੀ ਦੇ ਦਰੱਖਤਾਂ ਦੇ ਝੁੰਡ 'ਚ ਬੈਠੇ ਲੁੱਟ-ਖੋਹ ਅਤੇ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸਮੇਤ ਅਸਲਾ ਤੇ ਹੋਰ ਮਾਰੂ ਹਥਿਆਰਾਂ ਦੇ ਬੈਠੇ ਯੋਜਨਾ ਬਣਾ ਰਹੇ ਹਨ। ਇਸ 'ਤੇ ਮੁਕੱਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਗਈ ਤਾਂ ਲਖਵੀਰ ਸਿੰਘ ਵਾਸੀ ਰੁੜਕਾ, ਸੋਮਨਾਥ ਉਰਫ ਦਾਰਾ ਵਾਸੀ ਮੁੱਲਾਂਪੁਰ, ਸੰਤੋਸ਼ ਉਰਫ ਡਾਕੂ ਵਾਸੀ ਮੁੱਲਾਂਪੁਰ ਕਾਬੂ ਕਰ ਲਏ ਗਏ। ਇਨ੍ਹਾਂ ਦੇ ਕਬਜ਼ੇ 'ਚੋਂ ਪੁਲਸ ਨੇ 2 ਰਾਈਫਲਾਂ 12 ਬੋਰ, 25 ਕਾਰਤੂਸ 12 ਬੋਰ, ਇਕ ਬੇਸਬਾਲ ਅਤੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਅਨੁਸਾਰ ਮੁਲਜ਼ਮਾਂ ਦੇ 2 ਸਾਥੀ ਕੁਲਦੀਪ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ ਤੇ ਕਰਨੈਲ ਸਿੰਘ ਵਾਸੀ ਬਾਘੀਆਂ ਮੌਕੇ ਤੋਂ ਭੱਜਣ 'ਚ ਸਫਲ ਹੋ ਗਏ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਰੇਲਵੇ ਸਟੇਸ਼ਨ ਮੁੱਲਾਂਪਰ ਵਿਖੇ ਮਾਲ ਗੱਡੀ 'ਚ ਕਣਕ ਲੋਡ ਕਰਦੇ ਸਮੇਂ ਟਰੱਕਾਂ ਅਤੇ ਰੇਲ ਗੱਡੀ ਦੇ ਡੱਬਿਆ 'ਚੋਂ ਕਣਕ/ਚੌਲ ਚੋਰੀ ਕਰਨ ਦੀਆਂ ਵਾਰਦਾਤਾਂ ਕੀਤੀਆਂ ਹਨ। ਪਿੰਡ ਬੰਗਸੀਪੁਰਾ ਵਿਖੇ ਐੱਨ. ਆਰ. ਆਈ. ਦੇ ਘਰ ਹੋਈ ਚੋਰੀ ਦੀ ਵਾਰਦਾਤ ਵੀ ਮੰਨੀ ਹੈ।
