ਨਸ਼ੀਲੇ ਪਦਾਰਥਾਂ ਸਣੇ 2 ਔਰਤਾਂ ਸਮੇਤ 5 ਕਾਬੂ, 2 ਫਰਾਰ

07/05/2017 7:34:06 AM

ਫਤਿਹਗੜ੍ਹ ਸਾਹਿਬ(ਜ. ਬ., ਜਗਦੇਵ, ਟਿਵਾਣਾ)-ਥਾਣਾ ਸਰਹਿੰਦ ਪੁਲਸ ਨੇ 2 ਵਿਅਕਤੀਆਂ ਨੂੰ 100 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ, ਜਦਕਿ 2 ਵਿਅਕਤੀ ਅਜੇ ਫਰਾਰ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਨਬੀਪੁਰ ਦੇ ਇੰਚਾਰਜ ਹਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਵਿੰਦਰ ਸਿੰਘ ਹੈਰੀ ਪੁੱਤਰ ਦਰਸ਼ਨ ਸਿੰਘ ਵਾਸੀ ਬਖਸ਼ੀਵਾਲ ਜ਼ਿਲਾ ਸੰਗਰੂਰ, ਚਮਕੌਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਜਖੇਪਲ ਜ਼ਿਲਾ ਸੰਗਰੂਰ, ਰਾਜ ਸਿੰਘ ਅਤੇ ਸੋਨੀ ਸਿੰਘ ਦੋਵੇਂ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਜਖੇਪਲ ਵਰਨਾ ਕਾਰ 'ਚ ਸਵਾਰ ਹੋ ਕੇ ਰਾਜਪੁਰਾ ਤੋਂ ਸਰਹਿੰਦ ਵੱਲ ਆ ਰਹੇ ਹਨ ਅਤੇ ਇਸ ਕਾਰ 'ਚ ਭੁੱਕੀ ਲੱਦੀ ਹੋਈ ਹੈ। ਉਕਤ ਵਿਅਕਤੀ ਭੁੱਕੀ ਵੇਚਦੇ ਹਨ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਹਰਵਿੰਦਰ ਸਿੰਘ ਹੈਰੀ ਅਤੇ ਚਮਕੌਰ ਸਿੰਘ ਨੂੰ 100 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕੀਤਾ ਹੈ, ਜਦਕਿ ਰਾਜ ਸਿੰਘ ਅਤੇ ਸੋਨੀ ਸਿੰਘ ਹਾਲੇ ਫਰਾਰ ਹਨ। ਉਨ੍ਹਾਂ ਦੱਸਿਆ ਕਿ ਉਕਤ ਕਾਰ 'ਚ ਇਕ ਨੰਬਰ ਪਲੇਟ ਹੋਰ ਵੀ ਪਈ ਸੀ, ਇਸ ਲਈ ਕਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਫਤਿਹਗੜ੍ਹ ਸਾਹਿਬ, ਥਾਣਾ ਮੰਡੀ ਗੋਬਿੰਦਗੜ੍ਹ ਪੁਲਸ ਨੇ 2 ਔਰਤਾਂ ਸਮੇਤ 3 ਵਿਅਕਤੀਆਂ ਨੂੰ 1 ਕਿਲੋ 400 ਗ੍ਰਾਮ ਗਾਂਜੇ ਅਤੇ 48000 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਥਾਣਾ ਮੰਡੀ ਗੋਬਿੰਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਬਿੱਟੂ ਉਰਫ ਮਿਰਚੂ ਪੁੱਤਰ ਬਚਨ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੂੰ 400 ਗ੍ਰਾਮ ਗਾਂਜਾ ਅਤੇ 4 ਹਜ਼ਾਰ ਰੁਪਏ ਦੀ ਨਕਦੀ ਸਮੇਤ ਸੈਦਾ ਪਤਨੀ ਰਾਜੂ ਵਾਸੀ ਮੰਡੀ ਗੋਬਿੰਦਗੜ੍ਹ ਨੂੰ 500 ਗ੍ਰਾਮ ਗਾਂਜਾ ਅਤੇ 4 ਹਜ਼ਾਰ ਰੁਪਏ ਦੀ ਨਕਦੀ ਸਮੇਤ ਅਤੇ ਊਸ਼ਾ ਰਾਣੀ ਪਤਨੀ ਰਾਜ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਨੂੰ 500 ਗ੍ਰਾਮ ਗਾਂਜਾ ਅਤੇ 40 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਉਕਤ ਤਿੰਨਾਂ ਨੂੰ ਮਾਨਯੋਗ ਅਦਾਲਤ ਅਮਲੋਹ 'ਚ ਪੇਸ਼ ਕੀਤਾ ਗਿਆ ਜਿਥੋਂ ਇਨ੍ਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ।


Related News