ਮੋਬਾਇਲ ਖੋਹ ਕੇ ਭੱਜਣ ਵਾਲਾ ਨੌਸਰਬਾਜ਼ ਕਾਬੂ
Sunday, Jul 02, 2017 - 04:30 AM (IST)

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)— ਮੇਲੇ 'ਚ ਝੂਟੇ ਲੈਣ ਗਏ ਇਕ ਵਿਅਕਤੀ ਤੋਂ ਮੋਬਾਇਲ ਖੋਹ ਕੇ ਫਰਾਰ ਹੋਇਆ ਨੌਸਰਬਾਜ਼ ਪੁਲਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ–1 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਖਲੀਲ ਖਾਨ ਨੇ ਦੱਸਿਆ ਕਿ ਮੁਹੰਮਦ ਕਾਸਿਮ ਪੁੱਤਰ ਲਿਆਕਤ ਅਲੀ ਵਾਸੀ ਸਰੌਂਦ ਰੋਡ ਮਾਲੇਰਕੋਟਲਾ ਦਾਣਾ ਮੰਡੀ ਮਾਲੇਰਕੋਟਲਾ ਵਿਖੇ ਲੱਗੇ ਮੇਲੇ 'ਚ ਝੂਟੇ ਲੈਣ ਗਿਆ ਸੀ। ਜਦੋਂ ਉਹ ਗੱਲ ਕਰ ਕੇ ਮੋਬਾਇਲ ਜੇਬ 'ਚ ਪਾਉਣ ਲੱਗਾ ਤਾਂ ਇਕ ਨੌਸਰਬਾਜ਼ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਉਕਤ ਨੌਸਰਬਾਜ਼ ਜਦੋਂ ਇਕ ਦੁਕਾਨਦਾਰ ਕੋਲ ਮੋਬਾਇਲ ਦਾ ਲਾਕ ਖੁੱਲ੍ਹਵਾਉਣ ਪਹੁੰਚਿਆ ਤਾਂ ਉਕਤ ਦੁਕਾਨਦਾਰ ਸ਼ਿਕਾਇਤਕਰਤਾ ਦਾ ਦੋਸਤ ਨਿਕਲਿਆ, ਜਿਸ ਨੇ ਮੋਬਾਇਲ ਪਛਾਣ ਲਿਆ ਅਤੇ ਆਪਣੇ ਦੋਸਤ ਨਾਲ ਇਸ ਸਬੰਧੀ ਗੱਲਬਾਤ ਕੀਤੀ। ਨੌਸਰਬਾਜ਼ ਉਨ੍ਹਾਂ ਦੀਆਂ ਗੱਲਾਂ ਨੂੰ ਸਮਝਦਾ ਹੋਇਆ ਮੌਕੇ 'ਤੇ ਮੋਬਾਇਲ ਚੁੱਕ ਕੇ ਫਿਰ ਫਰਾਰ ਹੋ ਗਿਆ। ਜਦੋਂ ਪੁਲਸ ਪਾਰਟੀ ਨਾਲ ਮਿਲ ਕੇ ਮੁੱਦਈ ਅਤੇ ਦੁਕਾਨਦਾਰ ਨੇ ਨੌਸਰਬਾਜ਼ ਦੀ ਤਲਾਸ਼ ਕੀਤੀ ਤਾਂ ਉਹ ਮੇਲੇ 'ਚ ਹੀ ਖੜ੍ਹਾ ਮਿਲ ਗਿਆ, ਜਿਸਦੀ ਪਛਾਣ ਸਚਿਨ ਕੁਮਾਰ ਪੁੱਤਰ ਲਛਮਣ ਪ੍ਰਸਾਦ ਵਾਸੀ ਮੁਹੱਲਾ ਨੇਕਪੁਰਾ ਬਰੇਲੀ (ਯੂ.ਪੀ.) ਹਾਲ ਆਬਾਦ ਸ਼ਹੀਦ ਭਗਤ ਸਿੰਘ ਕਾਲੋਨੀ ਮੋਤੀ ਨਗਰ ਲੁਧਿਆਣਾ ਵਜੋਂ ਹੋਈ। ਮੁਲਜ਼ਮ ਮੇਲੇ 'ਚ ਹੀ ਕੰਮ ਕਰਦਾ ਸੀ, ਜਿਸਨੂੰ ਕਾਬੂ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।