ਅੱਤਵਾਦੀ ਗਤੀਵਿਧੀਆਂ ''ਚ ਸ਼ਾਮਲ ਮਹਿਲਾ ਦਾ ਪਤੀ ਵੀ ਹਿਰਾਸਤ ''ਚ, ਹਥਿਆਰ ਬਰਾਮਦ

Friday, Jun 09, 2017 - 07:28 AM (IST)

ਅੱਤਵਾਦੀ ਗਤੀਵਿਧੀਆਂ ''ਚ ਸ਼ਾਮਲ ਮਹਿਲਾ ਦਾ ਪਤੀ ਵੀ ਹਿਰਾਸਤ ''ਚ, ਹਥਿਆਰ ਬਰਾਮਦ

ਲੁਧਿਆਣਾ(ਜ. ਬ.)-ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਦੇ ਦੋਸ਼ 'ਚ ਬਠਿੰਡਾ ਪੁਲਸ ਵੱਲੋਂ ਬੀਤੇ ਹਫਤੇ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਗਰੁੱਪ 'ਚ ਸ਼ਾਮਲ ਮਹਿਲਾ ਦੇ ਪਤੀ ਨੂੰ ਵੀ ਪੁਲਸ ਵੱਲੋਂ ਹਿਰਾਸਤ 'ਚ ਲੈਣ ਦੀ ਚਰਚਾ ਹੈ। ਦੋਸ਼ੀ ਤੋਂ ਪੁਲਸ ਨੇ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਰਾਜ ਸ਼ਾਂਤਮਈ ਮਾਹੌਲ 'ਚ ਜ਼ਹਿਰ ਘੋਲਣ ਲਈ ਸਰਗਰਮ ਅੱਤਵਾਦੀ ਗਿਰੋਹ 'ਤੇ ਸ਼ਿਕੰਜਾ ਕੱਸਣ 'ਚ ਲੱਗੀ ਪੰਜਾਬ ਪੁਲਸ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ 'ਚ ਸ਼ਾਮਲ ਸਲੇਮ ਟਾਬਰੀ ਨਿਵਾਸੀ ਮਹਿਲਾ, ਜਿਸ ਨੂੰ ਬਠਿੰਡਾ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ 'ਚ ਬਾਹਰੀ ਰਾਜਾਂ ਤੋਂ ਹਥਿਆਰਾਂ ਦੀ ਖੇਪ ਮੰਗਵਾ ਕੇ ਅੱਤਵਾਦੀਆਂ ਨੂੰ ਸਪਲਾਈ ਕਰਨ ਦੀਆਂ ਤਿਆਰੀਆਂ ਕਰਨ ਦਾ ਜੁਰਮ ਕਬੂਲ ਕੀਤਾ ਸੀ, ਉਥੇ ਇਸ ਮਹਿਲਾ ਦਾ ਪਤੀ ਜੋ ਕਿ ਜਲੰਧਰ ਬਾਈਪਾਸ ਸਥਿਤ ਰਾਇਲ ਸਿਟੀ ਕੋਲ ਇਕ ਘਰ 'ਚ ਕਿਰਾਏ 'ਤੇ ਰਹਿੰਦਾ ਸੀ, ਨੂੰ ਪੁਲਸ ਵੱਲੋਂ ਹਿਰਾਸਤ 'ਚ ਲੈਣ ਦੀ ਖ਼ਬਰ ਹੈ। ਜਲੰਧਰ ਬਾਈਪਾਸ ਚੌਕ 'ਚ ਬੱਸਾਂ 'ਚ ਸਵਾਰੀਆਂ ਚੜ੍ਹਾਉਣ ਦਾ ਧੰਦਾ ਕਰਨ ਦੀ ਆੜ 'ਚ ਸ਼ੱਕੀ ਗਤੀਵਿਧੀਆਂ 'ਚ ਸ਼ਾਮਲ ਇਸ ਦੋਸ਼ੀ ਤੋਂ ਹੋਈ ਪੁਛਗਿੱਛ ਉਪਰੰਤ ਨਾਜਾਇਜ਼ ਹਥਿਆਰ ਵੀ ਬਰਾਮਦ ਹੋਣ ਦੀ ਖ਼ਬਰ ਹੈ। ਹਾਲਾਂਕਿ ਇਸ ਸਬੰਧੀ ਉੱਚ ਪੁਲਸ ਅਧਿਕਾਰੀ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੇ ਹਨ ਪਰ ਸਥਾਨਕ ਲੋਕਾਂ ਦੀ ਮੰਨੀਏ ਤਾਂ ਬੀਤੇ ਦਿਨੀਂ ਭਾਰੀ ਤਾਦਾਦ 'ਚ ਮੁਹੱਲੇ 'ਚ ਪਹੁੰਚੇ ਪੁਲਸ ਕਰਮਚਾਰੀਆਂ ਨੇ ਦੋਸ਼ੀ ਨੂੰ ਘਰ ਤੋਂ ਕਾਬੂ ਕੀਤਾ ਸੀ, ਜਿਸ ਨੇ ਪੁੱਛਗਿੱਛ 'ਚ ਕਈ ਅਹਿਮ ਖੁਲਾਸੇ ਕੀਤੇ ਹਨ, ਜਿਸ ਤੋਂ ਪੁਲਸ ਨੂੰ ਕਾਫੀ ਜਾਣਕਾਰੀ ਮਿਲੀ ਹੈ।


Related News