ਜਰਨੈਲ ਬਾਜਵਾ ਨੂੰ ਅਦਾਲਤ ਵਲੋਂ 14 ਦਿਨ ਲਈ ਨਿਆਇਕ ਹਿਰਾਸਤ ’ਚ ਰੱਖਣ ਦੇ ਹੁਕਮ

Saturday, Aug 31, 2024 - 10:35 AM (IST)

ਜਰਨੈਲ ਬਾਜਵਾ ਨੂੰ ਅਦਾਲਤ ਵਲੋਂ 14 ਦਿਨ ਲਈ ਨਿਆਇਕ ਹਿਰਾਸਤ ’ਚ ਰੱਖਣ ਦੇ ਹੁਕਮ

ਮੋਹਾਲੀ (ਪਰਦੀਪ) : ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਬਾਅਦ ਮੋਹਾਲੀ ਅਦਾਲਤ ’ਚ ਸੋਹਾਣਾ ਪੁਲਸ ਵੱਲੋਂ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਜਰਨੈਲ ਸਿੰਘ ਬਾਜਵਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਭੇਜਣ ਦੇ ਹੁਕਮ ਸੁਣਾਏ ਗਏ। ਖਰੜ ਪੁਲਸ ਵੱਲੋਂ ਇਕ ਹੋਰ ਐਪਲੀਕੇਸ਼ਨ ਦਾਇਰ ਕੀਤੀ ਗਈ, ਜਿਸ ’ਚ ਬਾਜਵਾ ਦੀ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਖਰੜ ਦੇ ਇਲਾਕਾ ਮੈਜਿਸਟਰੇਟ ਕੋਲ ਪੇਸ਼ ਕਰਨ ਲਈ ਅਰਜ਼ੀ ਵੀ ਦਾਇਰ ਕੀਤੀ ਗਈ।

ਇਸ ’ਤੇ ਅਦਾਲਤ ਵੱਲੋਂ ਸੁਣਵਾਈ ਕਰਦੇ ਹੋਏ ਬਾਜਵਾ ਨੂੰ ਖਰੜ ਇਲਾਕਾ ਮੈਜਿਸਟ੍ਰੇਟ ਅੱਗੇ ਪੇਸ਼ ਕਰਨ ਦੇ ਹੁਕਮ ਸੁਣਾ ਦਿੱਤੇ ਗਏ। ਜਰਨੈਲ ਸਿੰਘ ਬਾਜਵਾ ਡੇਢ ਘੰਟੇ ਤੱਕ ਜਸਟਿਸ ਸੰਦੀਪ ਮੌਦਗਿਲ ਦੀ ਅਦਾਲਤ ਵਿਚ ਹੱਥ ਜੋੜ ਕੇ ਖੜ੍ਹਾ ਰਿਹਾ। ਅਦਾਲਤ ਨੇ ਬਾਜਵਾ ਨੂੰ ਪੁੱਛਿਆ ਕਿ ਉਹ ਅਦਾਲਤ ਦੇ ਹੁਕਮਾਂ ਮੁਤਾਬਕ ਪੇਸ਼ ਕਿਉਂ ਨਹੀਂ ਹੋ ਰਿਹਾ ਸੀ। ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਬਾਜਵਾ ਸ਼ਿਕਾਇਤ ਕਰਤਾਵਾਂ ਨੂੰ ਪੈਸੇ ਵਾਪਸ ਕਰਨ ਦਾ ਇੰਤਜ਼ਾਮ ਕਰ ਰਿਹਾ ਸੀ। ਬਾਜਵਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨੇ ਆਪਣਾ ਪੱਖ ਪੇਸ਼ ਕੀਤਾ, ਜਿਸ ਨੂੰ ਵਾਰ-ਵਾਰ ਰੋਕ ਕੇ ਅਦਾਲਤ ਦੀ ਉਲੰਘਣਾ ਦੀ ਯਾਦ ਦਿਵਾਈ ਗਈ। ਬਾਜਵਾ ਨੇ ਹਾਈਕੋਰਟ ਦੇ ਉਲੰਘਣਾ ਨੋਟਿਸ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ, ਜਿਸ ਨੂੰ ਅਦਾਲਤ ਨੇ ਇਕ ਹੋਰ ਉਲੰਘਨਾ ਮੰਨਿਆ। ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਹਾਈਕੋਰਟ ਦੇ ਉਲੰਘਣਾ ਨੋਟਿਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਨਹੀਂ ਦੇ ਸਕਦਾ।

ਅਦਾਲਤ ਨੇ ਬਾਜਵਾ ਨੂੰ ਕਿਹਾ ਕਿ ਤੁਹਾਡੇ ਖ਼ਿਲਾਫ਼ ਅਦਾਲਤ ਦੀ ਉਲੰਘਣਾ ਦੇ ਦੋ ਮਾਮਲੇ ਬਣਦੇ ਹਨ, ਜਿਸ ’ਤੇ ਬਾਜਵਾ ਮੁਆਫੀ ਮੰਗਦੇ ਨਜ਼ਰ ਆਏ। ਕੋਰਟ ਨੂੰ ਦਸਿਆ ਗਿਆ ਕਿ ਹੁਣ ਤੱਕ ਪੰਜਾਬ ਵਿਚ ਬਾਜਵਾ ਖ਼ਿਲਾਫ਼ 53 ਐੱਫ. ਆਈ. ਆਰ. ਦਰਜ ਹੋ ਚੁੱਕੀਆ ਹਨ। ਇਸ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ ਅਤੇ ਹੋਰ ਸੂਬਿਆਂ ਵਿਚ ਵੀ ਐੱਫ. ਆਈ. ਆਰ. ਦਰਜ ਹਨ। ਬਾਜਵਾ ਨੂੰ ਹਾਈਕੋਰਟ ’ਚ ਲੈ ਕੇ ਆਏ ਦਰਜਨਾਂ ਅਧਿਕਾਰੀਆਂ ’ਤੇ ਟਿੱਪਣੀ ਕਰਦਿਆਂ ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਉਹ ਪੁਲਸ ਲਈ ਵੀ. ਆਈ. ਪੀ. ਹੈ। ’ਅਦਾਲਤ ਮੁਤਾਬਕ ਇਕ-ਦੋ ਪੁਲਸ ਵਾਲੇ ਕਾਫੀ ਸਨ। ਅਦਾਲਤ ਵਿਚ ਇਕੱਠੇ ਹੋਏ ਦਰਜਨਾਂ ਪੁਲਸ ਅਧਿਕਾਰੀਆਂ ਨੂੰ ਬਾਹਰ ਬੈਠਣ ਲਈ ਕਿਹਾ ਗਿਆ।

ਅਦਾਲਤ ਨੇ ਉਲੰਘਣਾ ਸਬੰਧੀ ਆਪਣਾ ਪੱਖ ਪੇਸ਼ ਕਰਨ ਲਈ ਕਿਹਾ, ਜਿਸ ’ਤੇ ਬਾਜਵਾ ਨੇ ਸਮਾਂ ਮੰਗਿਆ। ਅਦਾਲਤ ਨੇ ਉਸ ਨੂੰ 15 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ ਕਿ ਉਸ ਵਿਰੁੱਧ ਉਲੰਘਣਾ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਬਾਜਵਾ ਕਈ ਦਿਨਾਂ ਤੋਂ ਹਾਈਕੋਰਟ ਨਾਲ ਲੁਕਣ ਮਿਚੀ ਖੇਡ ਰਿਹਾ ਸੀ। ਜਸਟਿਸ ਸੰਦੀਪ ਮੌਦਗਿਲ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਵਿਚ ਪੇਸ਼ ਹੋਣ ਲਈ ਮਜਬੂਰ ਕਰ ਦਿੱਤਾ। ਬਾਜਵਾ ਨੂੰ ਖਰੜ ਦੀ ਅਦਾਲਤ ਨੇ ਇਕ ਕੇਸ ਵਿਚ ਭਗੌੜਾ ਕਰਾਰ ਦਿੱਤਾ ਸੀ ਪਰ ਹਾਈਕੋਰਟ ਨੂੰ ਗੁੰਮਰਾਹ ਕਰਕੇ ਇਸੇ ਕੇਸ ਵਿਚ ਉਸ ਨੇ ਜ਼ਮਾਨਤ ਹਾਸਲ ਕਰ ਲਈ ਸੀ, ਜਿਸ ਨੂੰ ਪਟੀਸ਼ਨਰ ਵੱਲੋਂ ਚੁਣੌਤੀ ਦਿੱਤੀ ਗਈ ਸੀ।
 


author

Babita

Content Editor

Related News