ਹਥਿਆਰਬੰਦ ਲੁਟੇਰਿਆਂ ਵਲੋਂ ਮਨੀ ਚੇਂਜਰ ਨੂੰ ਲੁੱਟਣ ਦੀ ਨਕਾਮ ਕੋਸ਼ਿਸ਼, ਦੁਕਾਨਦਾਰ ਨੇ ਦਿਖਾਈ ਬਹਾਦਰੀ

Friday, Aug 02, 2024 - 04:52 AM (IST)

ਸੈਲਾ ਖੁਰਦ (ਰਾਜੇਸ਼ ਅਰੋੜਾ) - ਸਥਾਨਿਕ ਮੇਨ ਰੋਡ 'ਤੇ ਕਸਬੇ ਦੇ ਬਿਲਕੁੱਲ ਵਿਚਕਾਰ ਨਕਾਬਪੋਸ਼ ਲੁਟੇਰਿਆਂ ਨੇ ਮਨੀ ਚੇਂਜਰ ਨੂੰ ਲੁੱਟਣ ਦੀ ਨਕਾਮ ਕੋਸ਼ਿਸ਼ ਕੀਤੀ। ਮਨੀ ਚੇਂਜਰ ਨੇ ਲੁਟੇਰਿਆਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਜਿਸ ਕਾਰਨ ਲੁੱਟ ਹੋਣ ਤੋਂ ਬਚਾਅ ਹੋ ਗਿਆ। ਲੁਟੇਰੇ ਆਪਣੀ ਜਾਨ ਬਚਾਉਂਦੇ ਹੋਏ ਮੌਕੇ ਤੋਂ ਭੱਜ ਨਿਕਲੇ।

ਜਾਣਕਾਰੀ ਮੁਤਾਬਿਕ ਗੁਪਤਾ ਮਨੀ ਚੇਂਜਰ ਦੇ ਮਲਿਕ ਗੌਰਵ ਗੁਪਤਾ ਉਰਫ ਗੌਰੀ ਪੁੱਤਰ ਸਵ. ਅਸ਼ੋਕ ਗੁਪਤਾ ਆਪਣੀ ਮਨੀ ਚੇਂਜਰ ਦੀ ਦੁਕਾਨ 'ਤੇ ਬੈਠਾ ਹੋਇਆ ਸੀ ਤਾਂ ਇੱਕ ਮੋਟਰ ਸਾਈਕਲ ਤੇ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਆਏ। ਇੱਕ ਲੁਟੇਰਾ ਮੋਟਰਸਾਈਕਲ 'ਤੇ ਹੀ ਬਾਹਰ ਬੈਠਾ ਰਿਹਾ ਅਤੇ ਦੋ ਮਨੀ ਚੇਂਜਰ ਦੀ ਦੁਕਾਨ ਅੰਦਰ ਵੜ ਗਏ ਅਤੇ ਦੁਕਾਨ 'ਚ ਵੜਦੇ ਸਾਰ ਹੀ ਇੱਕ ਨੇ ਗੌਰਵ ਗੁਪਤਾ 'ਤੇ ਪਿਸਤੌਲ ਤਾਨ ਦਿੱਤੀ, ਜਦਕਿ ਦੂਜਾ ਦੁਕਾਨ ਦਾ ਦਰਵਾਜਾ ਬੰਦ ਕਰਨ ਲੱਗ ਪਿਆ। ਇਹ ਸਭ ਵੇਖ ਕੇ ਗੌਰਵ ਨੇ ਬਹਾਦਰੀ ਵਿਖਾਉਂਦੇ ਹੋਏ ਉਨ੍ਹਾਂ ਦਾ ਵਿਰੋਧ ਕੀਤਾ, ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਦੁਕਾਨਦਾਰ ਨੇ ਲੁਟੇਰਿਆਂ ਦਾ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਇੱਕ ਲੁਟੇਰੇ ਨੂੰ ਉਸ ਨੇ ਸੁੱਟ ਵੀ ਲਿਆ। ਇਸ ਦੌਰਾਨ ਲੁਟੇਰੇ ਜਦੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਿਸ ਭੱਜ ਰਹੇ ਸਨ ਤਾਂ ਪਿਛੇ ਬੈਠੇ ਲੁਟੇਰੇ ਨੂੰ ਦੁਕਾਨਦਾਰ ਗੌਰਵ ਨੇ ਫੜ ਲਿਆ ਪਰ ਉਹ ਛੁੱਟ ਕੇ ਭੱਜਣ ਚ ਕਾਮਯਾਬ ਹੋ ਗਿਆ। ਇੰਝ ਦੁਕਾਨਦਾਰ ਗੌਰਵ ਗੁਪਤਾ ਦੀ ਬਹਾਦਰੀ ਨਾਲ ਲੁੱਟ ਤੋਂ ਬਚਾਅ ਹੋ ਗਿਆ। 

ਮੌਕੇ 'ਤੇ ਥਾਣਾ ਮੁਖੀ ਰਮਨ ਕੁਮਾਰ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਪੁੱਜ ਕੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਚਾਰ ਸਾਲ ਪਹਿਲਾਂ ਵੀ ਲੁਟੇਰਿਆਂ ਨੇ ਇਸ ਮਨੀ ਚੇਂਜਰ 'ਤੇ ਵੱਡੀ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ ਜੋ ਪੁਲਸ ਨੇ ਕੇਸ ਟਰੇਸ ਕਰ ਲਿਆ ਪਰੰਤੂ ਅੱਜ ਦੂਜੀ ਵਾਰ ਫਿਰ ਇਸ ਹੀ ਮਨੀ ਚੇਂਜਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਪੂਰੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ।

ਸੈਲਾ ਖੁਰਦ ਬਾਜ਼ਾਰ ਵਿੱਚ ਨਹੀਂ ਹੁੰਦਾ ਕੋਈ ਪੁਲਸ ਮੁਲਾਜ਼ਮ 
ਬਾਜ਼ਾਰ ਦੇ ਪ੍ਰਮੁੱਖ ਦੁਕਾਨਦਾਰਾਂ ਰਾਕੇਸ਼ ਆਨੰਦ ਰਾਣਾ, ਦਵਿੰਦਰ ਸਿੰਘ ਅਤੇ ਹੋਰ ਦੁਕਾਨਦਾਰਾਂ ਨੇ ਆਖਿਆ ਕਿ ਜਦੋਂ ਦੀ ਸੈਲਾ ਖੁਰਦ ਦੀ ਪੁਲਸ ਚੋਕੀ ਕਸਬੇ ਦੇ ਬਾਹਰ ਚਲੀ ਗਈ ਹੈ ਕਸਬੇ ਦੇ ਦੁਕਾਨਦਾਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਪੁਲਸ ਚੋਂਕੀ ਕਸਬੇ ਤੋਂ ਕਾਫੀ ਬਾਹਰ ਹੈ ਅਤੇ ਪੂਰੇ ਮੇਨ ਬਾਜ਼ਾਰ ਵਿੱਚ ਇੱਕ ਵੀ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਹੁੰਦਾ ਕਸਬੇ ਦੇ ਦੁਕਾਨਦਾਰਾਂ ਦੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਹ ਅਪੀਲ ਹੈ ਕਿ ਬਾਜ਼ਾਰ ਅੰਦਰ ਪੱਕੇ ਤੌਰ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ।

 


Inder Prajapati

Content Editor

Related News