ਸਿੱਖਿਆ ਮੰਤਰੀ ਸੋਨੀ ਨੇ 650 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ
Monday, Nov 12, 2018 - 03:50 PM (IST)
ਜਲੰਧਰ/ਮੋਹਾਲੀ,(ਧਵਨ, ਨਿਆਮੀਆਂ)— ਪੰਜਾਬ ਦੇ ਸਿੱਖਿਆ ਤੇ ਚੌਗਿਰਦਾ ਮੰਤਰੀ ਓ. ਪੀ. ਸੋਨੀ ਨੇ ਅੱਜ ਕਿਹਾ ਹੈ ਕਿ ਵੱਖ-ਵੱਖ ਯੂਨੀਅਨਾਂ ਅਧਿਆਪਕਾਂ ਨੂੰ ਆਪਣੇ ਸੁਆਰਥਾਂ ਲਈ ਗੁੰਮਰਾਹ ਕਰਨ 'ਚ ਲੱਗੀਆਂ ਹੋਈਆਂ ਹਨ। ਸਿੱਖਿਆ ਮੰਤਰੀ ਸੋਨੀ ਨੇ ਅੱਜ ਐੱਸ. ਐੱਸ. ਏ. ਤੇ ਹੋਰ ਸੁਸਾਇਟੀਆਂ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਅਧਿਆਪਕਾਂ ਨੂੰ ਬਦਲ ਦਿੱਤਾ ਸੀ ਕਿ ਜਾਂ ਤਾਂ ਉਹ ਸੁਸਾਇਟੀਆਂ ਅਧੀਨ ਆਪਣੀ ਸੇਵਾ ਨੂੰ ਜਾਰੀ ਰੱਖਣ ਜਾਂ ਫਿਰ ਸਿੱਖਿਆ ਵਿਭਾਗ 'ਚ ਆਪਣੀ ਸੇਵਾ ਨੂੰ ਰੈਗੂਲਰ ਕਰਵਾ ਲਓ।
ਸਿੱਖਿਆ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਨੇ ਆਪਣੀ ਸੇਵਾ ਨੂੰ ਰੈਗੂਲਰ ਕਰਨ ਲਈ ਅਰਜ਼ੀਆਂ ਦਿੱਤੀਆਂ, ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਸਿੱਖਿਆ ਮੰਤਰੀ ਨੇ ਅੱਜ 650 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਅਧਿਆਪਕ ਸਰਵ ਸਿੱਖਿਆ ਮੁਹਿੰਮ ਤੇ ਹੋਰ ਸੁਸਾਇਟੀਆਂ ਨਾਲ ਸਬੰਧ ਰੱਖਦੇ ਸਨ। ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ, ਜਿਸ ਅਧੀਨ ਹਜ਼ਾਰਾਂ ਅਧਿਆਪਕਾਂ ਨੇ 8 ਤੋਂ 23 ਅਕਤੂਬਰ ਤਕ ਆਪਣੀ ਸੇਵਾ ਨੂੰ ਰੈਗੂਲਰ ਬਣਾਉਣ ਲਈ ਅਰਜ਼ੀਆਂ ਦਿੱਤੀਆਂ।
ਸਿੱਖਿਆ ਮੰਤਰੀ ਸੋਨੀ ਨੇ ਕਿਹਾ ਕਿ ਨਵੇਂ ਨਿਯੁਕਤ ਹੋਣ ਵਾਲੇ ਅਧਿਆਪਕਾਂ ਨੂੰ ਸਟੇਸ਼ਨ ਚੁਣਨ ਦੀ ਛੋਟ ਦਿੱਤੀ ਜਾ ਰਹੀ ਹੈ। ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਨਵੀਆਂ ਨਿਯੁਕਤੀਆਂ ਲਈ ਵਧਾਈ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਨੇ ਅਧਿਆਪਕਾਂ ਨੂੰ 5000 ਰੁਪਏ ਦਾ ਪੇ-ਗ੍ਰੇਡ ਦਿੱਤਾ ਹੈ, ਜਿਸ ਦੇ ਲਈ ਉਹ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਅਧਿਆਪਕ ਸਰਕਾਰ ਦਾ ਹਿੱਸਾ ਬਣਨਗੇ ਅਤੇ ਸਰਕਾਰ ਦੀ ਗੁਣਕਾਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ 'ਚ ਸਹਿਯੋਗ ਕਰਨਗੇ, ਨੂੰ ਸਰਕਾਰ ਵਿਸ਼ੇਸ਼ ਤੌਰ 'ਤੇ ਸਨਮਾਨਤ ਕਰੇਗੀ। ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ ਅਧਿਆਪਕ ਦੇ ਕੰਮ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਧਿਆਪਕਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਤਿਆਰ ਹਨ ਪਰ ਸਰਕਾਰ ਕਿਸੇ ਦਬਾਅ 'ਚ ਕੰਮ ਨਹੀਂ ਕਰੇਗੀ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ, ਡਾਇਰੈਕਟਰ ਜਨਰਲ ਪ੍ਰਸ਼ਾਂਤ ਗੋਇਲ, ਡੀ. ਪੀ. ਆਈ. (ਸੈਕੰਡਰੀ) ਸੁਖਜੀਤਪਾਲ ਸਿੰਘ, ਡੀ. ਪੀ. ਆਈ. ਐਲੀਮੈਂਟਰੀ ਇੰਦਰਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।