ਐਪਲ ਆਈਫੋਨ ਵਰਤਣ ਵਾਲਿਆਂ ਲਈ ''ਆਈ ਹਰਿਆਲੀ'' ਮੋਬਾਇਲ ਐਪ ਸ਼ੁਰੂ : ਧਰਮਸੌਤ

09/10/2018 9:17:03 AM

ਚੰਡੀਗੜ੍ਹ, (ਕਮਲ)—ਪੰਜਾਬ ਸਰਕਾਰ ਵਲੋਂ ਸੂਬੇ ਦੇ ਵਾਤਾਵਰਣ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ 'ਘਰ-ਘਰ ਹਰਿਆਲੀ' ਮੁਹਿੰਮ ਤਹਿਤ ਹੁਣ ਤੱਕ ਵੱਖ-ਵੱਖ ਕਿਸਮਾਂ ਦੇ 34 ਲੱਖ ਬੂਟੇ ਸੂਬੇ ਦੇ ਨਾਗਰਿਕਾਂ ਨੂੰ ਮੁਫਤ ਵੰਡੇ ਜਾ ਚੁੱਕੇ ਹਨ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਇਸ ਯੋਜਨਾ ਤਹਿਤ ਹੁਣ ਤੱਕ 34 ਲੱਖ ਬੂਟੇ ਸੂਬਾ ਵਾਸੀਆਂ ਨੂੰ ਮੁਫਤ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਐਪ ਤਹਿਤ ਹੁਣ ਤੱਕ 3 ਲੱਖ 40 ਹਜ਼ਾਰ ਆਰਡਰ ਬੁੱਕ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਐਂਡਰਾਇਡ ਮੋਬਾਇਲ ਐਪ ਡਾਊਨਲੋਡ ਕਰਕੇ ਸੂਬੇ ਦਾ ਕੋਈ ਵੀ ਨਾਗਰਿਕ ਆਪਣੀ ਪਸੰਦ ਦੇ 25 ਬੂਟੇ ਆਨਲਾਈਨ ਬੁੱਕ ਕਰ ਕੇ ਹਾਸਲ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਐਪਲ ਕੰਪਨੀ ਦਾ ਮੋਬਾਇਲ ਵਰਤਣ ਵਾਲਿਆਂ ਲਈ 'ਆਈ ਹਰਿਆਲੀ' ਮੋਬਾਇਲ ਐਪ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਪਿਛਲੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਂਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਐਪਲ ਮੋਬਾਇਲ ਵਰਤਣ ਵਾਲੇ ਸੂਬਾ ਵਾਸੀਆਂ ਨੂੰ ਵੀ ਐਪ ਜ਼ਰੀਏ ਆਪਣੀ ਪਸੰਦ ਦੇ ਬੂਟੇ ਆਨਲਾਈਨ ਤੇ ਮੁਫ਼ਤ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ। ਧਰਮਸੌਤ ਨੇ ਦੱਸਿਆ ਕਿ ਸੂਬੇ ਭਰ ਵਿਚ ਬੂਟੇ ਲਾਉਣ ਦੀ ਮੁਹਿੰਮ ਸਫ਼ਲਤਾਪੂਰਵਕ ਚੱਲ ਰਹੀ ਹੈ, ਜਿਸ ਦੇ ਆਉਣ ਵਾਲੇ ਸਮੇਂ ਦੌਰਾਨ ਸਾਰਥਕ ਸਿੱਟੇ ਸਾਹਮਣੇ ਆਉਣਗੇ।


Related News