34 ਲੱਖ ਨਾਲ ਨਿਗਮ ਖਰੀਦੇਗਾ ਐਂਟੀ ਰੈਬੀਜ਼ ਸੀਰਮ

Monday, Mar 05, 2018 - 03:21 PM (IST)

34 ਲੱਖ ਨਾਲ ਨਿਗਮ ਖਰੀਦੇਗਾ ਐਂਟੀ ਰੈਬੀਜ਼ ਸੀਰਮ

ਚੰਡੀਗੜ੍ਹ  (ਰਾਏ) : ਨਗਰ ਨਿਗਮ ਨੂੰ ਲੰਬੇ ਸਮੇਂ ਤੋਂ ਖਤਮ ਹੋਏ ਕੁੱਤੇ ਦੇ ਕੱਟਣ ਦੇ ਟੀਕਿਆਂ ਦੀ ਸਪਲਾਈ ਦਾ ਨਵਾਂ ਆਰਡਰ ਦੇਣ ਦੀ ਹੁਣ ਯਾਦ ਆਈ ਹੈ। ਨਿਗਮ ਸਦਨ ਦੀ ਬੈਠਕ 'ਚ ਇਨ੍ਹਾਂ ਨੂੰ ਖਰੀਦਣ ਦਾ ਏਜੰਡਾ ਲਿਆਂਦਾ ਗਿਆ ਸੀ, ਜਿਸ ਅਨੁਸਾਰ ਨਿਗਮ ਹੁਣ ਲਗਭਗ 34 ਲੱਖ ਰੁਪਏ ਨਾਲ ਐਂਟੀ ਰੈਬੀਜ਼ ਸੀਰਮ ਖਰੀਦੇਗਾ। ਇਸ ਤੋਂ ਪਹਿਲਾਂ ਵੀ ਨਿਗਮ ਨੇ ਸੀਰਮ ਦੀ ਖਰੀਦ ਲਈ ਪੈਸੇ ਰੱਖੇ ਸਨ ਪਰ ਸੀਰਮ ਨਹੀਂ ਮੰਗਵਾਈ ਗਈ ਸੀ। ਇਸਦੇ 12000 ਵਾਇਲਸ ਨਿਗਮ ਨੇ ਖਰੀਦਣੇ ਹਨ। ਇਨ੍ਹਾਂ ਲਈ ਜਿਹੜੀ ਕੰਪਨੀ ਨੂੰ ਸਪਲਾਈ ਕਰਨ ਦਾ ਠੇਕਾ ਦਿੱਤਾ ਗਿਆ ਸੀ, ਉਸਦੀ ਮਿਆਦ ਪਿਛਲੇ ਜੂਨ ਮਹੀਨੇ 'ਚ ਖਤਮ ਹੋ ਗਈ ਸੀ। ਨਿਗਮ ਨੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਟੈਂਡਰ ਕਾਲ ਕੀਤੇ ਤੇ ਇਸ ਲਈ ਦੋ ਕੰਪਨੀਆਂ ਨੇ ਰੁਚੀ ਵਿਖਾਈ ਸੀ। ਇਕ ਕੰਪਨੀ ਸੀ ਬੱਤਰਾ ਫਾਰਮਾਸਿਊਟੀਕਲ ਐਂਡ ਡਿਸਟਰੀਬਿਊਟਰਸ ਤੇ ਦੂਜੀ ਸੀ ਬਿਨਾ ਬਾਇਓਪ੍ਰੋਡਕਟਸ ਲਿਮਟਿਡ। ਇਨ੍ਹਾਂ ਵਿਚੋਂ ਬੱਤਰਾ ਨੇ ਪ੍ਰਤੀ ਫਾਈਲ 287 ਰੁਪਏ ਤੇ ਬਿਨਾਂ ਨੇ ਇਕ ਫਾਈਲ 308.17 ਰੁਪਏ ਵਿਚ ਸਪਲਾਈ ਕਰਨ ਦਾ ਟੈਂਡਰ ਭਰਿਆ ਸੀ। ਹੁਣ ਪੰਜ ਮਹੀਨਿਆਂ ਬਾਅਦ ਨਿਗਮ ਨੇ ਇਸ ਨੂੰ ਫਾਈਨਲ ਕੀਤਾ ਹੈ।
ਸੀਰਮ ਲਈ ਕੋਈ ਸਬਸਿਡੀ ਨਹੀਂ  
ਚੰਡੀਗੜ੍ਹ ਨਗਰ ਨਿਗਮ ਦੀ ਦੋ ਡਿਸਪੈਂਸਰੀਆਂ ਵਿਚ ਕੁੱਤੇ ਦੇ ਕੱਟਣ ਦੇ ਇਲਾਜ ਦੇ ਐਂਟੀ ਰੈਬੀਜ਼ ਟੀਕਿਆਂ 'ਤੇ ਤਾਂ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਸੀਰਮ ਲਈ ਕੋਈ ਸਬਸਿਡੀ ਨਹੀਂ ਦਿੱਤੀ ਜਾ ਰਹੀ ਹੈ ਤੇ ਨਾ ਹੀ ਇਨ੍ਹਾਂ ਡਿਸਪੈਂਸਰੀਆਂ 'ਚ ਕੰਟਰੋਲ ਰੇਟ 'ਤੇ ਉਪਲਬਧ ਕਰਾਏ ਜਾਂਦੇ ਹਨ। ਨਿਗਮ ਨੇ 2015 'ਚ ਆਰਥਿਕ ਰੂਪ 'ਚ ਕਮਜ਼ੋਰ ਵਰਗ ਦੇ ਲੋਕਾਂ ਨੂੰ ਸੀਰਮ ਵੀ ਸਬਸਿਡੀ 'ਤੇ ਉਪਲਬਧ ਕਰਵਾਉਣ ਦਾ ਫੈਸਲਾ ਲਿਆ ਸੀ ਪਰ ਅੱਜ ਤਕ ਉਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ। ਹੁਣ ਹਾਲਤ ਇਹ ਹੈ ਕਿ ਸੀਰਮ ਦੀ ਲੋੜ ਪਏ ਤਾਂ ਮਾਰਕੀਟ 'ਚ ਇਸਦੀ ਇਕ ਵਾਇਲ 4000 ਤੋਂ 5000 ਰੁਪਏ ਤਕ ਉਪਲਬਧ ਹੈ ਤੇ ਇਕ ਮਰੀਜ਼ ਨੂੰ ਇਕ ਵਾਰ ਵਿਚ ਘੱਟੋ-ਘੱਟ ਚਾਰ ਵਾਇਲਾਂ ਲਾਈਆਂ ਜਾਂਦੀਆਂ ਹਨ। ਨਿਗਮ ਸ਼ਹਿਰ 'ਚ ਮਰੀਜ਼ਾਂ ਨੂੰ ਐਂਟੀ ਰੈਬੀਜ਼ ਦਾ ਟੀਕਾ ਮਹਿੰਗੀਆਂ ਦਰਾਂ 'ਤੇ ਖਰੀਦ ਕੇ ਸਿਰਫ 100 ਰੁਪਏ 'ਚ ਉਪਲਬਧ ਕਰਵਾਉਂਦਾ ਹੈ। ਗਰਮੀਆਂ ਦੇ ਮੌਸਮ 'ਚ ਕੁੱਤਿਆਂ ਦੇ ਕੱਟਣ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ।


Related News