ਭਡ਼ੀ ਤੋਂ ਬਿਨਾਂ ਲਾਇਸੈਂਸ ਅਣ-ਅਧਿਕਾਰਤ ਦਵਾਈਆਂ ਜ਼ਬਤ

Thursday, Jun 28, 2018 - 07:33 AM (IST)

ਭਡ਼ੀ ਤੋਂ ਬਿਨਾਂ ਲਾਇਸੈਂਸ ਅਣ-ਅਧਿਕਾਰਤ ਦਵਾਈਆਂ ਜ਼ਬਤ

ਫਤਿਹਗਡ਼੍ਹ ਸਾਹਿਬ(ਜਗਦੇਵ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਰੱਗ ਕੰਟਰੋਲ ਅਫ਼ਸਰ ਨਵਪ੍ਰੀਤ ਸਿੰਘ, ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਸ਼ਮਸ਼ੇਰ ਸਿੰਘ ਤੇ ਇੰਚਾਰਜ ਪੁਲਸ ਥਾਣਾ ਖੇਡ਼ੀ ਨੋਧ ਸਿੰਘ ਨੇ ਖਮਾਣੋਂ ਤਹਿਸੀਲ ਅਧੀਨ ਪੈਂਦੇ ਪਿੰਡ ਭਡ਼ੀ ਵਿਖੇ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ, ਜਿੱਥੇ ਕਿ ਇਕ ਦੁਕਾਨ ’ਚ ਬਿਨਾਂ ਲਾਇਸੈਂਸ ਤੋਂ ਰੱਖੀਆਂ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ ’ਚ ਕਈ ਪ੍ਰਕਾਰ ਦੀਆਂ ਦਵਾਈਆਂ ਵੇਚਣ ਲਈ ਰੱਖੀਆਂ ਹੋਈਆਂ ਸਨ  ਪਰ ਦੁਕਾਨ ਮਾਲਕ ਕੋਲ ਕੋਈ ਅਧਿਕਾਰਤ ਡਿਗਰੀ ਨਹੀਂ ਸੀ ਤੇ ਦਵਾਈਆਂ ਨੂੰ ਰੱਖਣ ਦਾ ਕੋਈ ਲਾਈਸੈਂਸ ਵੀ ਨਹੀਂ ਸੀ। ਨਵਪ੍ਰੀਤ ਸਿੰਘ ਡਰੱਗ ਕੰਟਰੋਲ ਅਫਸਰ ਨੇ ਦੱਸਿਆ ਕਿ ਬਿਨਾਂ ਲਾਇਸੈਂਸ ਤੋਂ ਦਵਾਈਆਂ ਰੱਖਣਾ ਡਰੱਗ ਐਂਡ ਕਾਸਮੈਟਿਕ ਐਕਟ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਕਰਨ ਲਈ ਮੁਕੰਮਲ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ।
 ਉਨਾ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲੇ ਅਧੀਨ ਦਵਾਈਆਂ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ । ਇਸ ਵਿਸ਼ੇਸ਼ ਮੁਹਿੰਮ ਦੌਰਾਨ ਜੇਕਰ ਕਿਸੇ ਦੁਕਾਨ ’ਚ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਦੁਕਾਨ ਅੰਦਰ ਨਸ਼ੇ ਦੇ ਰੂਪ ’ਚ ਵਰਤੀ ਜਾਣ ਵਾਲੀ ਕੋਈ ਦਵਾਈ ਫਡ਼ੀ ਗਈ ਤਾਂ ਉਸ ਦੁਕਾਨਦਾਰ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਨ੍ਹਾਂ ਦਵਾਈ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਕੋਈ ਦਵਾਈ ਨਾ ਦਿੱਤੀ ਜਾਵੇ ਖਾਸ ਕਰ ਕੇ ਸ਼ਡਿਊਲ ਐੱਚ ਅਧੀਨ ਆਉਂਦੀਆਂ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਨਾ ਦਿੱਤਾ ਜਾਵੇ । ਸ਼ਡਿਊਲ ਐੱਚ ਅਧੀਨ ਆਉਂਦੀਆਂ ਦਵਾਈਆਂ ਤੇ ਹੋਰ ਸਾਰੇ ਤਰ੍ਹਾਂ ਦੀਆਂ ਦਵਾਈਆਂ ਨੂੰ ਖਰੀਦਣ ਤੇ ਵੇਚਣ ਦਾ ਪੂਰਾ ਰਿਕਾਰਡ ਰੱਖਿਆ ਜਾਵੇ। ਦੁਕਾਨ ’ਚ ਫਾਰਮਾਸਿਸਟ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤੇ ਕਿਸੇ ਵੀ ਨਿਯਮ ਦੀ ਉਲੰਘਣਾ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਦਵਾਈਆਂ ਦੀ ਦੁਰਵਰਤੋਂ ਕਰ ਕੇ ਉਨ੍ਹਾਂ ਨੂੰ ਨਸ਼ੇ ਦੇ ਰੂਪ ’ਚ ਵਰਤਿਆ ਜਾਂਦਾ ਹੈ, ਜੇਕਰ ਕਿਸੇ ਦੁਕਾਨ ’ਚ ਅਜਿਹੀ ਕੋਈ ਦਵਾਈ ਪਾਈ ਜਾਂਦੀ ਹੈ ਤਾਂ ਉਸ ਦਵਾਈ ਵਿਕ੍ਰੇਤਾ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।


Related News