ਜਗਰਾਓਂ 'ਚੋਂ ਮਿਲਿਆ ਕੋਰੋਨਾ ਦਾ ਇਕ ਹੋਰ ਸ਼ੱਕੀ ਮਰੀਜ਼

Monday, Mar 23, 2020 - 09:10 PM (IST)

ਜਗਰਾਓਂ 'ਚੋਂ ਮਿਲਿਆ ਕੋਰੋਨਾ ਦਾ ਇਕ ਹੋਰ ਸ਼ੱਕੀ ਮਰੀਜ਼

ਜਗਰਾਓਂ, (ਮਾਲਵਾ)- ਬੀਤੇ ਦਿਨੀਂ ਜਗਰਾਓਂ ਸ਼ਹਿਰ ਦੇ ਪਿੰਡ ਡੱਲਾ ਤੋਂ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਮਿਲਿਆ ਸੀ, ਜਿਸ ਨੂੰ ਸਿਵਲ ਹਸਪਤਾਲ ਜਗਰਾਓਂ ਵਿਖੇ ਰੱਖਣ ਤੋਂ ਬਾਅਦ ਉਸਦੀ ਟੈਸਟ ਰਿਪੋਰਟ ਨੈਗੇਟਿਵ ਆ ਜਾਣ ਕਰ ਕੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ, ਭਾਵੇਂ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਵੀ ਲਿਆ ਸੀ ਪਰ ਅੱਜ ਉਸ ਸਮੇਂ ਲੋਕਾਂ ’ਚ ਫਿਰ ਡਰ ਦਾ ਮਾਹੌਲ ਬਣ ਗਿਆ, ਜਦੋਂ ਜਗਰਾਓਂ ’ਚੋਂ ਇਕ ਸ਼ੱਕੀ ਮਰੀਜ਼ ਦੀ ਪੁਸ਼ਟੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਲਡ਼ਕੀ ਆਪਣੀ ਮਾਸੀ ਤੇ ਨਾਨੀ ਨਾਲ ਇਕ ਕਿਰਾਏ ਦੇ ਮਕਾਨ ’ਚ ਜਗਰਾਓਂ ਵਿਖੇ ਰਹਿ ਰਹੀ ਸੀ ਅਤੇ ਉਸ ਨੂੰ ਖੰਘ ਦੀ ਸ਼ਿਕਾਇਤ ਹੋਣ ਕਰ ਕੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਜਗਰਾਓਂ ਵਿਖੇ ਪੁੱਜੇ, ਜਿਸ ਕਰ ਕੇ ਡਾਕਟਰਾਂ ਵੱਲੋਂ ਉਸ ’ਚ ਸ਼ੱਕੀ ਲੱਛਣ ਹੋਣ ਕਾਰਨ ਉਸ ਨੂੰ ਦਾਖ਼ਲ ਤੋਂ ਬਾਅਦ ਜ਼ਰੂਰੀ ਦਵਾਈਆਂ ਦੇ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਇਸ ਸਬੰਧੀ ਸਿਵਲ ਹਸਪਤਾਲ ਦੇ ਸਿਹਤ ਵਿਭਾਗ ਦੀ ਟੀਮ ਡਾ. ਗੁਰਦੇਵ ਸਿੰਘ ਦੀ ਅਗਵਾਈ ਹੇਠ ਲਡ਼ਕੀ ਦੇ ਪਰਿਵਾਰਕ ਮੈਂਬਰਾਂ ਅਤੇ ਨਾਲ ਹੀ ਕਿਰਾਏ ’ਤੇ ਰਹਿ ਰਹੇ ਦੂਸਰੇ ਪਰਿਵਾਰਕ ਮੈਂਬਰਾਂ ਕੋਲ ਪੁੱਜੀ, ਜਿਨ੍ਹਾਂ ਨੇ ਉਨ੍ਹਾਂ ਦੀ ਬਾਂਹ ’ਤੇ ਸਟੈਂਪ ਲਗਾ ਕੇ ਉਨ੍ਹਾਂ ਨੂੰ 14 ਦਿਨਾਂ ਤਕ ਘਰ ’ਚ ਰਹਿਣ ਅਤੇ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਹਦਾਇਤਾਂ ਦੱਸੀਆਂ ਗਈਆਂ।

ਇਸ ਸਮੇਂ ਲਡ਼ਕੀ ਨਾਲ ਰਹਿ ਰਹੀ ਉਸਦੀ ਨਾਨੀ ਕੋਲ ਕੋਈ ਵੀ ਮਾਸਕ ਵਗੈਰਾ ਉਪਲੱਬਧ ਨਹੀਂ ਸੀ, ਜਿਸ ਨੂੰ ਘਰ ’ਚ ਰਹਿਣ ਦੀ ਹਦਾਇਤ ਕਰਨ ਆਈ ਟੀਮ ਵੱਲੋਂ ਵੀ ਮਾਸਕ ਜਾਂ ਸੈਨੀਟਾਈਜ਼ਰ ਨਹੀਂ ਦਿੱਤਾ ਗਿਆ। ਇਸ ਸਬੰਧੀ ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਮੈਂ ਇਨ੍ਹਾਂ ਨੂੰ ਜਲਦ ਹੀ ਮਾਸਕ ਭਿਜਵਾ ਦਿੰਦਾ ਹਾਂ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਜਗਰਾਓਂ ਦੇ ਐਡੀਸ਼ੀਨਲ ਐੱਸ. ਐੱਮ. ਓ. ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਇਕ ਲਡ਼ਕੀ ਆਈ ਸੀ, ਜੋ ਕਿ ਕੁੱਝ ਦਿਨ ਪਹਿਲਾਂ ਰਿਸ਼ਤੇਦਾਰੀ ’ਚ ਵਿਆਹ ’ਤੇ ਗਈ ਸੀ, ਜਿਸ ’ਚ ਕੋਰੋਨਾ ਵਾਇਰਸ ਦੇ ਲੱਛਣ ਹੋਣ ਕਰ ਕੇ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ ਅਤੇ ਉਸਦੀ ਟੈਸਟ ਰਿਪੋਰਟ ਆਉਣ ਤਕ ਪਤਾ ਲੱਗੇਗਾ ਤਾਂ ਅਗਰੇਲੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News