ਦਾਜ ਦੇ ਕੋਹੜ ਨੇ ਇੱਕ ਹੋਰ ਵਿਆਹੁਤਾ ਦੀ ਲਈ ਜਾਨ, ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼
Wednesday, Jun 24, 2020 - 11:27 AM (IST)
ਚੋਹਲਾ ਸਾਹਿਬ, (ਮਨਜੀਤ)- ਇਥੋਂ ਨਜ਼ਦੀਕੀ ਪਿੰਡ ਪੱਖੋਪੁਰ ਵਿਖੇ ਇਕ ਵਿਆਹੁਤਾ ਲੜਕੀ ਨੂੰ ਕਥਿਤ ਤੌਰ ’ਤੇ ਗਲ ਵਿਚ ਰੱਸੀ ਪਾਕੇ ਮਾਰ ਦੇਣ ਦੇ ਦੋਸ਼ ਹੇਠ ਲੜਕੀ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਲੜਕੀ ਦੇ ਪਿਤਾ ਮੰਗਲ ਸਿੰਘ, ਭਰਾ ਜਗਰੂਪ ਸਿੰਘ ਅਤੇ ਭਰਾ ਲਵਪ੍ਰੀਤ ਸਿੰਘ ਵਾਸੀ ਵਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਗੁਰਰੂਪ ਕੌਰ ਦਾ ਵਿਆਹ ਲਗਪਗ 6 ਸਾਲ ਪਹਿਲਾਂ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਪੱਖੋਪੁਰ ਦੇ ਰਹਿਣ ਵਾਲੇ ਗੁਰਲਾਲ ਸਿੰਘ ਪੁੱਤਰ ਭਗਵਾਨ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਨ੍ਹਾਂ ਵਲੋਂ ਸਾਡੀ ਲੜਕੀ ਨੂੰ ਦਾਜ਼ ਲਿਆਉਣ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ’ਤੇ ਅਸੀਂ ਕਰਜ਼ਾ ਚੁੱਕ ਕੇ ਗਹਿਣਾ, ਫਰਨੀਚਰ ਅਤੇ ਹੋਰ ਸਾਮਾਨ ਆਦਿ ਲੈਕੇ ਦਿੰਦੇ ਰਹੇ ਪਰ ਫਿਰ ਵੀ ਇਨ੍ਹਾਂ ਨੇ ਸਾਡੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਨਹੀਂ ਛੱਡਿਆ। ਸਾਡੀ ਲੜਕੀ ਸਾਨੂੰ ਅਕਸਰ ਹੀ ਫੋਨ ’ਤੇ ਇਹ ਦੱਸਦੀ ਰਹਿੰਦੀ ਸੀ ਕਿ ਉਸਦਾ ਪਤੀ ਅਤੇ ਸਹੁਰਾ ਉਸਨੂੰ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਚੱਲ ਰਹੇ ਤਾਲਾਬੰਦੀ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਕੁੜੀ ਦਾ ਫੋਨ ਆਇਆ ਕਿ ਉਸਦਾ ਪਤੀ ਬੁਲੇਟ ਮੋਟਰਸਾਈਕਲ ਦੀ ਮੰਗ ਕਰ ਰਿਹਾ ਹੈ। ਲੜਕੀ ਦੇ ਭਰਾ ਨੇ ਦੱਸਿਆ ਕਿ ਉਸਨੇ ਆਪਣੇ ਜੀਜੇ ਨੂੰ ਕਿਹਾ ਕਿ ਕਾਰੋਬਾਰ ਦਾ ਮੰਦਾ ਹੋਣ ਕਰਕੇ ਅਸੀਂ ਏਨੀ ਜਲਦੀ ਮੋਟਰਸਾਈਕਲ ਨਹੀਂ ਦੇ ਸਕਦੇ ਅਤੇ ਤਾਲਾਬੰਦੀ ਖੁੱਲਣ ਤੋਂ ਬਾਅਦ ਜਦੋਂ ਕਾਰੋਬਾਰ ਚੰਗੀ ਤਰ੍ਹਾਂ ਚੱਲੇਗਾ ਤਾਂ ਉਹ ਇਸ ਬਾਰੇ ਜਰੂਰ ਸੋਚਣਗੇ। ਉਸਨੇ ਦੱਸਿਆ ਕਿ ਅੱਜ ਸਵੇਰੇ ਲਗਪਗ 12 ਵਜੇ ਉਨ੍ਹਾਂ ਦੀ ਕੁੜੀ ਦੇ ਫੋਨ ਤੋਂ ਇਕ ਮਿਸ ਕਾਲ ਆਈ ਅਤੇ ਉਸਤੋਂ ਕੁਝ ਸਮਾਂ ਬਾਅਦ ਉਨ੍ਹਾਂ ਦੇ ਜੀਜੇ ਦੇ ਫੋਨ ਤੋਂ ਇਹ ਜਾਣਕਾਰੀ ਦਿੱਤੀ ਕਿ ਤੁਹਾਡੀ ਭੈਣ ਬਿਮਾਰ ਹੈ ਅਤੇ ਅਸੀਂ ਉਸਨੂੰ ਚੋਹਲਾ ਸਾਹਿਬ ਇਲਾਜ਼ ਲਈ ਲੈਕੇ ਆਏ ਹਾਂ ਅਤੇ ਤੁਸੀਂ ਜਲਦੀ ਆ ਜਾਓ। ਅਸੀਂ ਫੋਨ ਸੁਣਕੇ ਜਲਦੀ ਜਲਦੀ ਸਾਡੀ ਲੜਕੀ ਦੇ ਸਹੁਰੇ ਪਿੰਡ ਪੱਖੋਪੁਰ ਨੂੰ ਮੋਟਰਸਾਈਕਲ ’ਤੇ ਆ ਹੀ ਰਹੇ ਸੀ ਤਾਂ ਸਾਡੇ ਜੀਜੇ ਗੁਰਲਾਲ ਸਿੰਘ ਦਾ ਦੁਬਾਰਾ ਫੋਨ ਆ ਗਿਆ ਕਿ ਤੁਹਾਡੀ ਭੈਣ ਦੀ ਮੌਤ ਹੋ ਗਈ ਹੈ। ਜਦ ਅਸੀਂ ਪਿੰਡ ਪੱਖੋਪੁਰ ਪਹੁੰਚਕੇ ਆਪਣੀ ਭੈਣ ਦੀ ਹਾਲਤ ਵੇਖੀ ਤਾਂ ਉਸਦੇ ਗਲੇ ਵਿਚ ਰੱਸੀ ਦਾ ਨਿਸ਼ਾਨ ਸੀ। ਜਿਸ ’ਤੇ ਸਾਨੂੰ ਸ਼ੱਕ ਹੋ ਗਿਆ ਕਿ ਉਸਨੂੰ ਰੱਸੀ ਨਾਲ ਫਾਹ ਦੇਕੇ ਮਾਰਿਆ ਗਿਆ ਹੈ। ਜਿਸ ਸਬੰਧੀ ਅਸੀਂ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਸਹੁਰਾ ਪਰਿਵਾਰ ’ਤੇ ਸਾਡੀ ਲੜਕੀ ਨੂੰ ਫਾਹ ਦੇਕੇ ਮਾਰਨ ਲਈ ਲਿਖਤੀ ਦਰਖਾਸਤ ਦੇ ਦਿੱਤੀ ਹੈ। ਇਸ ਸਬੰਧੀ ਜਦ ਥਾਣਾ ਚੋਹਲਾ ਸਾਹਿਬ ਦੇ ਐੱਸ.ਐੱਚ.ਓ.ਸੋਨਮਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਲੜਕੀ ਦੇ ਪਤੀ ਗੁਰਲਾਲ ਸਿੰਘ ਅਤੇ ਸਹੁਰਾ ਭਗਵਾਨ ਸਿੰਘ ਖ਼ਿਲਾਫ਼ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਲੜਕੀ ਦੇ ਪੋਸਟਮਾਰਟਮ ਲਈ ਲਾਸ਼ ਨੂੰ ਨਜ਼ਦੀਕੀ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ ਹੈ।