ਡਰੇਨ ''ਚ 70 ਮੱਝਾਂ ਰੁੜ੍ਹੀਆਂ, 7 ਮਰੀਆਂ

07/02/2017 6:26:23 AM

ਭਿੱਖੀਵਿੰਡ, ਝਬਾਲ, ਬੀੜ ਸਾਹਿਬ  (ਭਾਟੀਆ, ਹਰਬੰਸ, ਅਮਨ, ਸੁਖਚੈਨ) - ਭਿੱਖੀਵਿੰਡ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਮਾੜੀ ਗੌੜ ਸਿੰਘ ਵਿਖੇ ਮੀਹ ਦੇ ਪਾਣੀ ਨਾਲ ਭਰੀ ਡਰੇਨ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਗੁੱਜਰਾਂ ਦੀਆਂ 70 ਦੇ ਕਰੀਬ ਮੱਝਾਂ ਰੁੜ੍ਹ ਗਈਆਂ।
ਇਸ ਸਬੰਧੀ ਸਦੀਕ ਮੁਹੰਮਦ ਪੁੱਤਰ ਮੁਰੀਦ ਵਾਸੀ ਮੱਲੀਆਂ ਤੇ ਗੁੱਜਰ ਮੌਜੀਦੀਨ ਪੁੱਤਰ ਮੱਖਣਦੀਨ ਵਾਸੀ ਵੇਈਂਪੂਈਂ ਨੇ ਦੱਸਿਆ ਕਿ ਅਸੀਂ ਤਿੰਨ ਕੁ ਹਫਤੇ ਪਹਿਲਾਂ ਪਿੰਡ ਸਾਂਧਰਾਂ ਵਿਖੇ ਮੱਝਾਂ ਲੈ ਕੇ ਆਏ ਸੀ ਤਾਂ ਅੱਜ ਸਾਡੀਆਂ ਘਰ ਵਾਲੀਆਂ ਜੂਨਾ ਤੇ ਆਂਸੂ ਮੱਝਾਂ ਨੂੰ ਚਾਰਨ ਲਈ ਪਿੰਡ ਮਾੜੀ ਗੌੜ ਸਿੰਘ ਵਿਖੇ ਡਰੇਨ ਨੇੜੇ ਗਈਆਂ ਸਨ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਡਰੇਨ 'ਚ ਪਾਣੀ ਜ਼ਿਆਦਾ ਸੀ ਤੇ ਜਦੋਂ ਮੱਝਾਂ ਪਾਣੀ-ਪੀਣ ਲਈ ਡਰੇਨ 'ਚ ਗਈਆਂ ਤਾਂ ਉਸ ਵਕਤ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮੱਝਾਂ ਇਕਦਮ ਰੁੜ੍ਹ ਗਈਆਂ। ਸਾਡੀਆਂ ਘਰ ਵਾਲੀਆਂ ਵੱਲੋਂ ਰੌਲਾ ਪਾਉਣ 'ਤੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ 11 ਮੱਝਾਂ ਨੂੰ ਡਰੇਨ 'ਚੋਂ ਬਾਹਰ ਕੱਢ ਕੇ ਬਚਾਅ ਲਿਆ। ਕਾਫੀ ਚਿਰ ਭਾਲ ਕਰਨ 'ਤੇ 7 ਮੱਝਾਂ ਮਰੀਆਂ ਮਿਲੀਆਂ ਹਨ। ਗੁੱਜਰ ਸਦੀਕ ਮੁਹੰਮਦ ਨੇ ਦੱਸਿਆ ਕਿ ਪਾਣੀ 'ਚ ਰੁੜ੍ਹੀਆਂ ਮੱਝਾਂ 'ਚੋਂ 17 ਮੱਝਾਂ ਸੂਣ ਵਾਲੀਆਂ ਸਨ। ਇਨ੍ਹਾਂ ਮੱਝਾਂ ਦੇ ਆਸਰੇ ਹੀ ਸਾਡਾ ਘਰ ਦਾ ਗੁਜ਼ਾਰਾ ਚਲਦਾ ਸੀ ਤੇ ਇਸ ਘਟਨਾ 'ਚ ਸਾਡਾ 45 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਚੁੱਕਾ ਹੈ।
ਇਸ ਮੌਕੇ ਜ਼ਿਲਾ ਇੰਚਾਰਜ ਤੇ ਡਿਪਟੀ ਡਾਇਰੈਕਟਰ (ਐਨੀਮਲ) ਤਰਨਤਾਰਨ ਡਾਕਟਰ ਰਾਕੇਸ਼ ਕੁਮਾਰ, ਡੀ. ਐੱਸ. ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ, ਵੈਟਨਰੀ ਡਾ. ਸੁਦੀਪ ਧਵਨ, ਪਟਵਾਰੀ ਬਖਸ਼ੀਸ਼ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 70 ਦੇ ਕਰੀਬ ਮੱਝਾਂ ਰੁੜ੍ਹ ਗਈਆਂ ਹਨ ਤੇ ਇਸ ਘਟਨਾ ਦੀ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਦਿੱਤੀ ਜਾਵੇਗੀ ਤਾਂ ਜੋ ਪੀੜਤ ਪਰਿਵਾਰ ਨੂੰ ਮੁਆਵਜ਼ਾ ਮਿਲ ਸਕੇ।
ਪਿੰਡ ਵਾਸੀਆਂ ਗੁਰਬਚਨ ਸਿੰਘ, ਸ਼ਿਵਚਰਨ ਸਿੰਘ ਤੇ ਹੋਰਾਂ ਨੇ ਜ਼ਿਲਾ ਤਰਨਤਾਰਨ ਦੇ ਡੀ. ਸੀ. ਪ੍ਰਦੀਪ ਕੁਮਾਰ ਸੱਭਰਵਾਲ ਤੋਂ ਮੰਗ ਕੀਤੀ ਕਿ ਪੀੜਤ ਗੁੱਜਰ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ।
ਕੀ ਕਹਿੰਦੇ ਹਨ ਡੀ. ਸੀ.
ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਘਟਨਾ ਸਥਾਨ 'ਤੇ ਟੀਮਾਂ ਬਣਾ ਕੇ ਭੇਜੀਆਂ ਹਨ ਕਿ ਉਹ ਇਨ੍ਹਾਂ ਗੁੱਜਰਾਂ ਦੀਆਂ ਮਰੀਆਂ ਮੱਝਾਂ ਦੀ ਰਿਪੋਰਟ ਬਣਾ ਕੇ ਭੇਜਣ ਤਾਂ ਜੋ ਇਨ੍ਹਾਂ ਗੁੱਜਰਾਂ ਦੇ ਹੋਏ ਭਾਰੀ ਨੁਕਸਾਨ ਦਾ ਸਰਕਾਰ ਪਾਸੋਂ ਮੁਆਵਜ਼ਾ ਮਿਲ ਸਕੇ ।


Related News