ਪਿੰਡ ਹਮੀਦੀ ਵਿਖੇ ਅਪਲਸਾੜਾ ਡਰੇਨ ਓਵਰਫਲੋਅ! 600 ਏਕੜ ਤੋਂ ਵੱਧ ਖੇਤੀਬਾੜੀ ਪ੍ਰਭਾਵਿਤ ਹੋਣ ਦਾ ਖ਼ਤਰਾ
Wednesday, Aug 27, 2025 - 01:33 PM (IST)

ਮਹਿਲ ਕਲਾਂ (ਹਮੀਦੀ)– ਮਾਲੇਰਕੋਟਲਾ ਤੋਂ ਆਉਂਦੀ ਤੇ ਪਿੰਡ ਹਮੀਦੀ ਅਤੇ ਕਰਮਗੜ੍ਹ ਵਿਚਕਾਰ ਲੰਘਦੀ ਅਪਲਸਾੜਾ ਡਰੇਨ ਦੇ ਓਵਰਫਲੋਅ ਹੋ ਜਾਣ ਕਾਰਨ ਹਮੀਦੀ ਪਿੰਡ ਦੇ ਕਿਸਾਨਾਂ ਲਈ ਗੰਭੀਰ ਚਿੰਤਾ ਦੀ ਸਥਿਤੀ ਬਣੀ ਹੋਈ ਹੈ। ਡਰੇਨ ਵਿਚੋਂ ਉੱਪਰ ਆਇਆ ਪਾਣੀ ਨੇੜਲੇ ਖੇਤਾਂ ਵਿੱਚ ਦਾਖਲ ਹੋ ਕੇ ਝੋਨਾ, ਹਰਾ ਚਾਰਾ ਅਤੇ ਹੋਰ ਫਸਲਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ! ਸਕੂਲਾਂ ਦੇ ਅਧਿਆਪਕਾਂ ਨੂੰ...
ਇਸ ਨਾਲ ਲਗਭਗ 600 ਏਕੜ ਜ਼ਮੀਨ ਤੇ ਫਸਲਾਂ ਨੁਕਸਾਨ ਦੇ ਖਤਰੇ ਹੇਠ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਉਮਨਦੀਪ ਸਿੰਘ ਸੋਹੀ, ਪੰਚ ਹਰਪ੍ਰੀਤ ਸਿੰਘ ਦਿਓਲ ਅਤੇ ਏਕਮ ਸਿੰਘ ਦਿਓਲ ਨੇ ਕਿਹਾ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਅਪਲਸਾੜਾ ਡਰੇਨ ਓਵਰਫਲੋਅ ਕਰ ਗਈ ਹੈ। ਡਰੇਨ ਅਤੇ ਬਰਸਾਤੀ ਪਾਣੀ ਖੇਤਾਂ ਵਿੱਚ ਦਾਖਲ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਡੁੱਬਣ ਦੇ ਕੰਢੇ ਆ ਪਹੁੰਚੀਆਂ ਹਨ। ਇਸ ਗੰਭੀਰ ਹਾਲਾਤ ਬਾਰੇ ਗ੍ਰਾਮ ਪੰਚਾਇਤ ਅਤੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਉਪਰੰਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ।ਅਧਿਕਾਰੀਆਂ ਵੱਲੋਂ ਜੇਸੀਬੀ ਅਤੇ ਹੋਰ ਸਾਧਨਾਂ ਰਾਹੀਂ ਪੁਲੀਆਂ ਅਤੇ ਸੜਕਾਂ ਖੁਲਵਾ ਕੇ ਪਾਣੀ ਦੀ ਨਿਕਾਸੀ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ! ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
ਤਹਿਸੀਲਦਾਰ ਮਹਿਲ ਕਲਾਂ ਪਵਨ ਕੁਮਾਰ, ਫ਼ੀਲਡ ਕਾਨੂੰਨਗੋ ਰਾਜਵਿੰਦਰ ਸਿੰਘ, ਪਟਵਾਰੀ ਵਿਨੋਦ ਕੁਮਾਰ, ਡਰੇਨ ਵਿਭਾਗ ਦੇ ਐਸਡੀਓ ਕੁਨਾਲ ਸ਼ਰਮਾ, ਪੁਲਿਸ ਥਾਣਾ ਮਹਿਲ ਕਲਾਂ ਦੇ ਮੁਖੀ ਸੇਰਵਰਿੰਦਰ ਸਿੰਘ, ਥਾਣਾ ਠੁੱਲੀਵਾਲ ਦੇ ਏਐਸਆਈ ਮਨਜੀਤ ਸਿੰਘ, ਏਐਸਆਈ ਅਮਰਜੀਤ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਜਗਮੋਹਨ ਸਿੰਘ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਤਹਿਸੀਲਦਾਰ ਪਵਨ ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੇਨਿਥ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਡੀਐਮ ਬਰਨਾਲਾ ਜਗਰਾਜ ਸਿੰਘ ਕਾਹਲੋਂ ਦੀ ਰਹਿਨੁਮਾਈ ਹੇਠ ਹੜ੍ਹ ਰੋਕਣ ਲਈ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਪਾਣੀ ਕਾਰਨ ਪ੍ਰਭਾਵਿਤ ਫਸਲਾਂ ਅਤੇ ਘਰਾਂ ਦੀਆਂ ਡਿਗੀਆਂ ਛੱਤਾਂ ਬਾਰੇ ਕੰਨੂਗੋ ਅਤੇ ਪਟਵਾਰੀ ਰਾਹੀਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜੋ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਜੋ ਪੀੜਤ ਕਿਸਾਨਾਂ ਅਤੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾ ਸਕੇ। ਇਸ ਮੌਕੇ ਪਿੰਡ ਦੇ ਪ੍ਰਮੁੱਖ ਲੋਕ ਜਸਪਾਲ ਸਿੰਘ ਦਿਓਲ, ਭੋਲਾ ਸਿੰਘ, ਤਰਲੋਚਨ ਸਿੰਘ ਬਾਜਵਾ, ਫੌਜੀ ਜਸਵੀਰ ਸਿੰਘ, ਕੁਲਵਿੰਦਰ ਸਿੰਘ ਥਿੰਦ, ਜਗਸੀਰ ਸਿੰਘ ਚੀਮਾ, ਸਾਬਕਾ ਪੰਚ ਅਮਰਜੀਤ ਸਿੰਘ ਪੰਮਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8