ਜਨਤਕ ਥਾਵਾਂ ''ਤੇ ਨਿਭਾਈ ਜਾਂਦੀ ਹਰੇ ਚਾਰੇ ਦੀ ਸੇਵਾ ਕਾਰਨ ਲੋਕ ਪ੍ਰੇਸ਼ਾਨ
Monday, Mar 12, 2018 - 07:38 AM (IST)
ਗਿੱਦੜਬਾਹਾ (ਕੁਲਭੂਸ਼ਨ) - ਆਉਣ ਵਾਲੀ 18 ਮਾਰਚ ਨੂੰ ਗਿੱਦੜਬਾਹਾ ਵਿਖੇ ਜ਼ਿਲਾ ਓਲੰਪਿਕ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤੀ ਜਾ ਰਹੀ 'ਮੁਕਤਸਰ ਮੈਰਾਥਨ-2018' ਦੀ ਕਾਮਯਾਬੀ ਲਈ ਜਿੱਥੇ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਦਿਨ-ਰਾਤ ਇਕ ਕਰ ਰਿਹਾ ਹੈ, ਉੱਥੇ ਹੀ ਕੁਝ 'ਸਮਾਜ ਸੇਵੀ' ਸਿਵਲ ਪ੍ਰਸ਼ਾਸਨ ਦੇ ਇਸ ਡਰੀਮ ਪ੍ਰਾਜੈਕਟ ਨੂੰ ਖੋਰਾ ਲਾਉਣ ਦੀ ਪੂਰੀ ਵਾਹ ਲਾ ਰਹੇ ਹਨ। 9 ਮਾਰਚ ਨੂੰ ਸ਼ਹਿਰ 'ਚ ਉਕਤ ਮੈਰਾਥਨ ਸਬੰਧੀ ਆਯੋਜਿਤ ਕੀਤੀ ਗਈ ਪ੍ਰੋਮੋ ਰਨ ਤੋਂ ਬਾਅਦ ਸਿਵਲ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਵੱਡੀ ਪੱਧਰੀ 'ਤੇ ਸਫਾਈ ਮੁਹਿੰਮ ਚਲਾਈ ਗਈ, ਇੱਥੋਂ ਤੱਕ ਕਿ ਇਸ ਮੈਰਾਥਨ ਲਈ ਸ਼ਹਿਰ ਨੂੰ ਖੂਬਸੂਰਤ ਦਿੱਖ ਪ੍ਰਦਾਨ ਕਰਨ ਲਈ ਗਿੱਦੜਬਾਹਾ ਦੇ ਨੌਜਵਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਬੱਠਲ ਅਤੇ ਕਹੀਆਂ ਚੁੱਕ ਕੇ ਸੜਕਾਂ ਤੋਂ ਸਫਾਈ ਕੀਤੀ। ਅਜਿਹੇ ਵਿਚ ਜਿੱਥੇ ਲੋਕਾਂ ਦਾ ਫਰਜ਼ ਇਸ ਸਫਾਈ ਮੁਹਿੰਮ ਵਿਚ ਸਹਿਯੋਗ ਦੇਣਾ ਬਣਦਾ ਸੀ, ਉੱਥੇ ਹੀ ਸੌੜੀ ਸੋਚ ਦੇ ਮਾਲਕ ਕੁਝ 'ਸਮਾਜ ਸੇਵੀਆਂ' ਵੱਲੋਂ ਸ਼ਹਿਰ ਦੀ ਸਰਕੂਲਰ ਰੋਡ 'ਤੇ ਵੱਖ-ਵੱਖ ਜਗ੍ਹਾ 'ਤੇ ਰਾਤ ਦੇ ਸਮੇਂ ਆਵਾਰਾ ਪਸ਼ੂਆਂ ਲਈ ਹਰੇ ਚਾਰੇ ਦੀ ਸੇਵਾ ਨਿਭਾਈ ਜਾ ਰਹੀ ਹੈ।
ਇਸ ਹਰੇ ਚਾਰੇ ਦੀ ਵਜ੍ਹਾ ਨਾਲ ਜਿੱਥੇ ਉਕਤ ਜਗ੍ਹਾ 'ਤੇ ਹਰ ਸਮੇਂ ਆਵਾਰਾ ਪਸ਼ੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ, ਉੱਥੇ ਹੀ ਸਥਾਨਕ ਦੁਕਾਨਦਾਰ ਇਨ੍ਹਾਂ ਪਸ਼ੂਆਂ ਦੀ ਲੜਾਈ ਕਰ ਕੇ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਆਵਾਰਾ ਪਸ਼ੂਆਂ ਵੱਲੋਂ ਆਪਸੀ ਲੜਾਈ ਦੌਰਾਨ ਖਿਲਾਰੇ ਹਰੇ ਚਾਰੇ ਕਾਰਨ ਅਤੇ ਪਸ਼ੂਆਂ ਦੇ ਗੋਹੇ ਕਰ ਕੇ ਸੜਕਾਂ 'ਤੇ ਗੰਦਗੀ ਪਈ ਹੋਈ ਹੈ ਪਰ ਇਸ ਸਾਰੇ ਕੰਮ ਤੋਂ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਅਣਜਾਣ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਜੇਕਰ ਪ੍ਰਸ਼ਾਸਨ ਨੇ ਜਨਤਕ ਥਾਵਾਂ 'ਤੇ ਇਨ੍ਹਾਂ ਹਰਾ ਚਾਰਾ ਪਾਉਣ ਵਾਲਿਆਂ 'ਤੇ ਜਲਦੀ ਨਕੇਲ ਨਾ ਕੱਸੀ ਤਾਂ ਹੋ ਸਕਦਾ ਹੈ ਕਿ ਭਾਰਤ ਦੇ ਹੋਰ ਸੂਬਿਆਂ ਅਤੇ ਵਿਦੇਸ਼ਾਂ ਤੋਂ ਗਿੱਦੜਬਾਹਾ ਵਿਖੇ ਮੈਰਾਥਨ ਵਿਚ ਭਾਗ ਲੈਣ ਆਉਣ ਵਾਲੇ ਐਥਲੀਟਾਂ ਨੂੰ 'ਮੈਰਾਥਨ' ਦੀ ਬਜਾਏ ਆਪਣਾ ਧਿਆਨ ਆਵਾਰਾ ਪਸ਼ੂਆਂ ਅਤੇ ਇਨ੍ਹਾਂ ਵੱਲੋਂ ਫੈਲਾਈ ਗਈ ਗੰਦਗੀ 'ਤੇ ਜ਼ਿਆਦਾ ਕੇਂਦਰਿਤ ਕਰਨਾ ਪਵੇ।
