ਆਂਗਣਵਾੜੀ ਵਰਕਰਾਂ ਨੇ ''ਡੇਪੋ'' ਦਾ ਕੀਤਾ ਬਾਈਕਾਟ

03/18/2018 6:36:51 AM

ਅੰਮ੍ਰਿਤਸਰ,   (ਨੀਰਜ)-  ਨਸ਼ੇ ਦੀ ਵਿਕਰੀ ਅਤੇ ਆਮਦ ਰੋਕਣ ਲਈ ਚਾਹੇ ਪ੍ਰਸ਼ਾਸਨ ਵੱਲੋਂ ਕੋਈ ਅਜਿਹਾ ਸਖ਼ਤ ਕਦਮ ਨਹੀਂ ਚੁੱਕਿਆ ਜਾ ਰਿਹਾ ਜਿਸ ਨਾਲ ਨਸ਼ਾ ਬੰਦ ਹੋ ਜਾਵੇ ਪਰ ਅਜਿਹੇ ਕਦਮ ਜ਼ਰੂਰ ਚੁੱਕੇ ਜਾ ਰਹੇ ਹਨ ਜਿਨ੍ਹਾਂ ਨਾਲ ਸਰਕਾਰੀ ਵਿਭਾਗਾਂ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕੱਚੇ ਕਰਮਚਾਰੀਆਂ 'ਤੇ ਬੋਝ ਪਏ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਡੇਪੋ ਵਾਲੰਟੀਅਰ (ਡਰੱਗ ਐਬਿਊਜ਼ ਪ੍ਰੀਵੈਂਸ਼ਨ ਆਫਿਸਰਸ) ਯੋਜਨਾ ਵਿਚ ਪ੍ਰਸ਼ਾਸਨ ਨੇ ਸਾਰੇ ਪੁਲਸ ਅਧਿਕਾਰੀਆਂ ਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਸ਼ਾਮਲ ਕਰ ਦਿੱਤਾ ਹੈ ਪਰ ਆਂਗਣਵਾੜੀ ਵਰਕਰਾਂ ਨੇ ਇਸ ਯੋਜਨਾ 'ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਯੋਜਨਾ ਦਾ ਬਾਈਕਾਟ ਕਰ ਦਿੱਤਾ ਹੈ, ਅਜਿਹਾ ਇਸ ਲਈ ਨਹੀਂ ਕੀਤਾ ਗਿਆ ਕਿ ਆਂਗਣਵਾੜੀ ਵਰਕਰ ਨਸ਼ੇ ਦਾ ਸਮਰਥਨ ਕਰ ਰਹੇ ਹਨ ਸਗੋਂ ਇਸ ਲਈ ਕੀਤਾ ਗਿਆ ਹੈ ਕਿਉਂਕਿ ਆਂਗਣਵਾੜੀ ਵਰਕਰਾਂ ਨੂੰ ਪਿਛਲੇ 3 ਮਹੀਨਿਆਂ ਤੋਂ ਸਰਕਾਰ ਨੇ ਤਨਖਾਹ ਨਹੀਂ ਦਿੱਤੀ। ਇੰਨਾ ਹੀ ਨਹੀਂ, ਸਰਕਾਰੀ ਲਾਪ੍ਰਵਾਹੀ ਦੀ ਹੱਦ ਉਦੋਂ ਪਾਰ ਹੋ ਜਾਂਦੀ ਹੈ ਜਦੋਂ ਪਤਾ ਲੱਗਾ ਕਿ ਸਰਕਾਰ ਨੇ ਪਿਛਲੇ ਡੇਢ ਸਾਲ ਤੋਂ ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਤੱਕ ਨਹੀਂ ਦਿੱਤਾ।
ਅੰਮ੍ਰਿਤਸਰ ਜ਼ਿਲੇ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਜ਼ਿਲਾ ਅੰਮ੍ਰਿਤਸਰ ਵਿਚ ਇਸ ਸਮੇਂ 800 ਆਂਗਣਵਾੜੀ ਕੇਂਦਰ ਹਨ, ਜਿਨ੍ਹਾਂ ਦਾ ਕਿਰਾਇਆ ਆਂਗਣਵਾੜੀ ਵਰਕਰ ਆਪਣੀ ਜੇਬ 'ਚੋਂ ਅਦਾ ਕਰ ਰਹੇ ਹਨ। ਇਕ ਆਂਗਣਵਾੜੀ ਕੇਂਦਰ ਦਾ ਕਿਰਾਇਆ 1500 ਰੁਪਏ ਪ੍ਰਤੀ ਮਹੀਨਾ ਹੈ, ਜਦੋਂ ਕਿ ਆਂਗਣਵਾੜੀ ਵਰਕਰ ਨੂੰ ਸਰਕਾਰ 5 ਹਜ਼ਾਰ ਰੁਪਇਆ ਮਹੀਨਾ ਤਨਖਾਹ ਦਿੰਦੀ ਹੈ, ਉਹ ਵੀ ਪਿਛਲੇ 3 ਮਹੀਨਿਆਂ ਤੋਂ ਨਹੀਂ ਮਿਲਿਆ। ਇਸ ਹਾਲਤ 'ਚ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਉਲਟ ਹਾਲਾਤ 'ਚ ਰਹਿੰਦੇ ਹੋਏ ਵੀ ਆਂਗਣਵਾੜੀ ਵਰਕਰਾਂ ਨੂੰ ਅਜਿਹੇ ਕੰਮਾਂ ਵਿਚ ਲਾ ਦਿੱਤਾ ਜਾਵੇ ਜਿਨ੍ਹਾਂ ਨੂੰ ਪੂਰਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ। ਜ਼ਿਲੇ ਵਿਚ 1600 ਦੇ ਕਰੀਬ ਆਂਗਣਵਾੜੀ ਵਰਕਰ ਹਨ, ਜੋ ਸਰਕਾਰ ਵੱਲੋਂ ਬਣਾਏ ਜਾ ਰਹੇ ਇਸ ਦਬਾਅ ਨੂੰ ਸਹਿਣ ਲਈ ਤਿਆਰ ਨਹੀਂ ਹਨ।
ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਜ਼ਿਲਾ ਪ੍ਰਧਾਨ ਗੁਰਮਿੰਦਰ ਕੌਰ ਨੇ ਕਿਹਾ ਕਿ ਸਮਾਜਕ ਅਤੇ ਨੈਤਿਕ ਨਜ਼ਰੀਏ ਨਾਲ ਅਸੀਂ ਡੇਪੋ ਵਾਲੰਟੀਅਰਾਂ ਦੇ ਕੰਮ ਦਾ ਬਾਈਕਾਟ ਨਹੀਂ ਕਰਦੇ ਪਰ ਸਰਕਾਰੀ ਆਦੇਸ਼ਾਂ ਦੇ ਨਜ਼ਰੀਏ ਨਾਲ ਅਸੀਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹਾਂ। ਸਰਕਾਰ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਆਏ ਦਿਨ ਅਜਿਹੇ ਕੰਮ ਸੌਂਪ ਰਹੀ ਹੈ, ਜਿਨ੍ਹਾਂ ਨੂੰ ਪੂਰਾ ਕਰਨਾ ਆਂਗਣਵਾੜੀ ਵਰਕਰਾਂ ਦੀ ਜ਼ਿੰਮੇਵਾਰੀ ਨਹੀਂ ਹੈ। ਵਰਣਨਯੋਗ ਹੈ ਕਿ ਸ਼ੁੱਕਰਵਾਰ ਨੂੰ ਇਕ ਸਥਾਨਕ ਰਿਜ਼ਾਰਟ ਵਿਚ ਪ੍ਰਸ਼ਾਸਨ ਵੱਲੋਂ ਡੇਪੋ ਵਾਲੰਟੀਅਰਾਂ ਦੇ ਕੰਮ ਸਬੰਧੀ ਬੁਲਾਏ ਗਏ ਸੈਮੀਨਾਰ ਵਿਚ ਆਂਗਣਵਾੜੀ ਵਰਕਰਾਂ ਨੇ ਬਾਈਕਾਟ ਕਰ ਦਿੱਤਾ ਸੀ ਅਤੇ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
23 ਨੂੰ ਜ਼ਿਲੇ 'ਚ ਨਸ਼ਾ-ਮੁਕਤੀ ਲਈ ਦਿਵਾਈ ਜਾਵੇਗੀ ਸਹੁੰ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ 23 ਮਾਰਚ ਨੂੰ ਨਸ਼ਾ-ਮੁਕਤੀ ਲਈ ਸਹੁੰ ਦਿਵਾਈ ਜਾਵੇਗੀ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਕਿਹਾ ਕਿ ਡੇਪੋ ਲਈ ਮੈਂਬਰਸ਼ਿਪ ਸ਼ੁਰੂ ਹੋ ਚੁੱਕੀ ਹੈ, ਡੇਪੋ ਵਾਲੰਟੀਅਰ ਬਣਨ ਦੇ ਇੱਛੁਕ ਸਾਂਝ ਕੇਂਦਰਾਂ ਤੋਂ ਆਪਣੇ ਫਾਰਮ ਲੈ ਸਕਦੇ ਹਨ ਅਤੇ ਇਥੇ ਜਮ੍ਹਾ ਕਰਵਾ ਸਕਦੇ ਹਨ। ਇਸ ਵਿਚ 18 ਸਾਲ ਤੋਂ ਉਪਰ ਦੀ ਉਮਰ ਦਾ ਕੋਈ ਵੀ ਵਿਅਕਤੀ ਆਪਣੇ ਫਾਰਮ ਭਰ ਸਕਦਾ ਹੈ ਅਤੇ ਨਸ਼ੇ ਖਿਲਾਫ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਸ਼ਾਮਲ ਹੋ ਸਕਦਾ ਹੈ।
ਕੀ ਹੈ ਡੇਪੋ ਵਾਲੰਟੀਅਰਾਂ ਦਾ ਕੰਮ
ਡੇਪੋ ਵਾਲੰਟੀਅਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਇਲਾਕੇ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਨ, ਨਸ਼ਿਆਂ 'ਚ ਫਸੇ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਸ਼ਾ-ਮੁਕਤ ਕੇਂਦਰ ਤੱਕ ਪਹੁੰਚਾਉਣ, ਨਸ਼ਾ-ਮੁਕਤੀ ਕੇਂਦਰਾਂ ਦੀ ਜਾਣਕਾਰੀ ਦੇਣ, ਆਪਣੇ ਇਲਾਕੇ ਵਿਚ ਖੇਡਾਂ ਨੂੰ ਬੜ੍ਹਾਵਾ ਦੇਣ ਅਤੇ ਸਾਕਾਰਾਤਮਕ ਕੰਮ ਕਰਵਾਉਣ, ਨਸ਼ਿਆਂ ਦੀ ਵਿਕਰੀ ਕਰਨ ਵਾਲਿਆਂ ਦੀ ਜਾਣਕਾਰੀ ਪੁਲਸ ਨੂੰ ਦੇਣ ਤੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ। ਪ੍ਰਸ਼ਾਸਨ ਵੱਲੋਂ ਡੇਪੋ ਵਾਲੰਟੀਅਰਾਂ ਨੂੰ ਪਛਾਣ ਪੱਤਰ ਵੀ ਦਿੱਤੇ ਜਾਣਗੇ।


Related News