ਓਡੀਸ਼ਾ ''ਚ ਬੀਜਦ ਨੂੰ ਵੱਡਾ ਝਟਕਾ, ਕਈ ਨੇਤਾ ਵਰਕਰਾਂ ਸਮੇਤ ਭਾਜਪਾ ਦੀ ਬੇੜੀ ''ਚ ਸਵਾਰ
Monday, Apr 29, 2024 - 03:24 PM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦਰਮਿਆਨ ਓਡੀਸ਼ਾ ’ਚ ਬੀਜੂ ਜਨਤਾ ਦਲ (ਬੀਜਦ) ਦੇ ਕਈ ਨੇਤਾ ਆਪਣੇ ਵਰਕਰਾਂ ਨਾਲ ਭਾਜਪਾ ਦੀ ਬੇੜੀ ’ਚ ਸਵਾਰ ਹੋ ਗਏ ਹਨ। ਕੇਂਦਰੀ ਮੰਤਰੀ ਅਤੇ ਸੰਬਲਪੁਰ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਧਰਮਿੰਦਰ ਪ੍ਰਧਾਨ ਦੀ ਮੌਜੂਦਗੀ ’ਚ ਇਹ ਨੇਤਾ ਭਾਜਪਾ ’ਚ ਸ਼ਾਮਲ ਹੋਏ। ਇਸ ਮੌਕੇ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਲੋਕਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਵਿਸ਼ਵਾਸ ਵਧਿਆ ਹੈ, ਇਸ ਲਈ ਹੋਰ ਪਾਰਟੀਆਂ ਦੇ ਮੈਂਬਰ ਅਤੇ ਨੇਤਾ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਓਡੀਸ਼ਾ ਬਦਲਾਅ ਵੱਲ ਵਧ ਗਿਆ ਹੈ ਅਤੇ ਇਸ ਲਈ ਬੀਜਦ ਅਤੇ ਹੋਰ ਪਾਰਟੀਆਂ ਦੇ ਲੋਕ ਭਾਜਪਾ ’ਚ ਸ਼ਾਮਲ ਹੋ ਰਹੇ ਹਨ ਕਿਉਂਕਿ ਲੋਕਾਂ ਦਾ ਪੀ. ਐੱਮ. ਮੋਦੀ ਪ੍ਰਤੀ ਵਿਸ਼ਵਾਸ ਵਧ ਰਿਹਾ ਹੈ ਕਿਉਂਕਿ ਸਥਾਨਕ ਲੀਡਰਸ਼ਿਪ ਹੁਣ ‘ਸਥਾਨਕ’ ਨਹੀਂ ਹੈ, ਇਸ ਲਈ ਪਿਛਲੇ ਦਰਵਾਜ਼ੇ ਰਾਹੀਂ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ, ‘‘ਜਨਤਾ ਉਨ੍ਹਾਂ ਲੋਕਾਂ ਤੋਂ ਪ੍ਰੇਸ਼ਾਨ ਹੈ, ਜਿਨ੍ਹਾਂ ਨੇ ਸੂਬੇ ਦੇ ਵਿਕਾਸ ਲਈ ਕੰਮ ਨਹੀਂ ਕੀਤਾ ਸਗੋਂ ਭ੍ਰਿਸ਼ਟਾਚਾਰ ਕੀਤਾ ਹੈ।’’
15 ਸਾਲ ਬਾਅਦ ਚੋਣ ਮੈਦਾਨ ’ਚ ਧਰਮਿੰਦਰ ਪ੍ਰਧਾਨ
ਪ੍ਰਧਾਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਪੱਲਹਾਰਾ ਵਿਧਾਨ ਸਭਾ ਹਲਕੇ ਦਾ ਦੌਰਾ ਵੀ ਕੀਤਾ। ਇਸ ਦੌਰਾਨ ਉਹ ਚਾਹ ਦੀ ਦੁਕਾਨ ’ਤੇ ਵੀ ਗਏ, ਚਾਹ ਪੀਤੀ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਦੱਸ ਦੇਈਏ ਕਿ ਸੰਬਲਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਧਰਮਿੰਦਰ ਪ੍ਰਧਾਨ 15 ਸਾਲਾਂ ਦੇ ਵਕਫ਼ੇ ਤੋਂ ਬਾਅਦ ਚੋਣ ਲੜ ਰਹੇ ਹਨ। ਸੰਬਲਪੁਰ ’ਚ 25 ਮਈ ਨੂੰ ਵੋਟਿੰਗ ਹੋਣੀ ਹੈ। ਓਡੀਸ਼ਾ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਕੋ ਸਮੇਂ ਚਾਰ ਪੜਾਵਾਂ ਵਿਚ ਹੋਣਗੀਆਂ। ਪਹਿਲਾ ਪੜਾਅ 13 ਮਈ ਨੂੰ, ਦੂਜਾ ਪੜਾਅ 20 ਮਈ ਨੂੰ, ਤੀਜਾ ਪੜਾਅ 25 ਮਈ ਨੂੰ ਅਤੇ ਆਖਰੀ ਪੜਾਅ 1 ਜੂਨ ਨੂੰ ਹੋਵੇਗਾ। ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨ ਕੀਤੇ ਜਾਣਗੇ। 2019 ਦੀਆਂ ਲੋਕ ਸਭਾ ਚੋਣਾਂ ’ਚ ਬੀਜਦ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ, ਉਸ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਦਾ ਨੰਬਰ ਰਿਹਾ। ਬੀਜਦ ਨੇ 12 ਸੀਟਾਂ ਜਿੱਤੀਆਂ, ਭਾਜਪਾ 8 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਰਹੀ ਅਤੇ ਕਾਂਗਰਸ ਨੂੰ ਸਿਰਫ ਇਕ ਸੀਟ ਮਿਲੀ।