ਕੈਪਟਨ ਸਰਕਾਰ ਤੇ ਮੇਨਕਾ ਗਾਂਧੀ ਦਾ ਫੂਕਿਆ ਪੁਤਲਾ, ਕੀਤੀ ਇਹ ਮੰਗ

09/24/2017 11:45:23 AM

ਹੁਸ਼ਿਆਰਪੁਰ(ਘੁੰਮਣ)— ਸ਼ਨੀਵਾਰ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲਾ ਪ੍ਰਧਾਨ ਗੁਰਬਖਸ਼ ਕੌਰ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ, ਜਿਸ 'ਚ ਕੈਪਟਨ ਸਰਕਾਰ ਅਤੇ ਮੇਨਕਾ ਗਾਂਧੀ ਦਾ ਪੁਤਲਾ ਫੂਕਿਆ ਗਿਆ। ਜ਼ਿਲਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 3 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ, ਸਿੱਧਾ ਹੀ ਰਾਜ ਦੀਆਂ 53,000 ਵਰਕਰਜ਼ ਅਤੇ ਹੈਲਪਰਜ਼ ਦੇ ਬੱਚਿਆਂ ਦੇ ਮੂੰਹ 'ਚੋਂ ਰੋਟੀ ਖੋਹਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਗੱਲ ਕੀਤੇ ਬਿਨਾਂ ਹੀ ਇਹ ਫੈਸਲਾ ਲੈ ਲਿਆ ਹੈ। 
ਸੀਟੂ ਦੇ ਸੂਬਾ ਜਨਰਲ ਸਕੱਤਰ ਨੇ ਆਂਗਣਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਰਾਜ ਦੇ 26,656 ਆਂਗਣਵਾੜੀ ਕੇਂਦਰ ਬੰਦ ਹੀ ਨਹੀਂ ਹੋਣਗੇ, ਇਸ ਨਾਲ ਆਈ. ਸੀ. ਡੀ. ਐੱਸ. ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਵੱਲੋਂ ਦਿੱਤੇ ਬਿਆਨ ਨੇ ਸਾਫ ਕਰ ਦਿੱਤਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਂ 'ਤੇ ਸਕੀਮ ਨੂੰ ਹੀ ਖਤਮ ਕਰਨ ਜਾ ਰਹੀ ਹੈ। ਪਾਇਲਟ ਪ੍ਰਾਜੈਕਟ ਸ਼ੁਰੂ ਕਰਕੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਡਾਕ ਰਾਹੀਂ ਫੀਡ ਦੇਣ ਦੀ ਪ੍ਰਕਿਰਿਆ ਨਾਲ  ਦੇਸ਼ ਦੀਆਂ 27 ਲੱਖ ਵਰਕਰਜ਼-ਹੈਲਪਰਜ਼ ਦਾ ਰੋਜ਼ਗਾਰ ਖੋਹ ਕੇ ਉਨ੍ਹਾਂ ਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 3 ਤੋਂ 6 ਸਾਲ ਦੇ ਬੱਚਿਆਂ ਲਈ ਆਂਗਣਵਾੜੀ ਕੇਂਦਰਾਂ ਵਿਚ ਹੀ ਪ੍ਰੀ-ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਜਾਵੇ। 
ਰੈਲੀ ਨੂੰ ਸੀਟੂ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਰਾਜਪੁਰ ਭਾਈਆਂ, ਜ਼ਿਲਾ ਜਨਰਲ ਸਕੱਤਰ ਕਾਮਰੇਡ ਮਹਿੰਦਰ ਕੁਮਾਰ ਬੱਢੋਆਣਾ, ਜ਼ਿਲਾ ਮੀਤ ਪ੍ਰਧਾਨ ਰਵਿੰਦਰ ਰਾਹੀ, ਹਰਜਿੰਦਰ ਕੌਰ, ਸਰਬਜੀਤ ਕੌਰ ਜ਼ਿਲਾ ਜਨਰਲ ਸਕੱਤਰ, ਮਨਜੀਤ ਕੌਰ ਚੇਅਰਪਰਸਨ, ਬਲਵੀਰ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਜਗੀਰ ਕੌਰ, ਜਸਵਿੰਦਰ ਕੌਰ ਮੂਨਕਾਂ, ਕਮਲੇਸ਼ ਕੌਰ, ਸੁਖਵਿੰਦਰ ਕੌਰ, ਤਰਲੋਚਨ ਕੌਰ, ਆਸ਼ਾ ਰਾਣੀ, ਜਸਪਾਲ ਕੌਰ, ਪਦਮਾ, ਸੀਮਾ ਰਾਣੀ, ਰਛਪਾਲ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


Related News