ਆਂਗਣਵਾਡ਼ੀ ਸੈਂਟਰ ਦੀ ਹਾਲਤ ਖਸਤਾ, ਰਸੋਈ ਤੇ ਕਮਰਾ ਡਿੱਗਣ ਕਿਨਾਰੇ

05/12/2018 2:33:56 AM

ਮੰਡੀ ਘੁਬਾਇਆ, (ਕੁਲਵੰਤ)– ਸਰਕਾਰ ਵੱਲੋਂ ਚਾਹੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਆਪਣੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ’ਤੇ ਖਡ਼੍ਹਾ ਕਰ ਰਹੀ ਹੈ ਪਰ ਹਾਲਾਤ ਇੰਨੇ ਬਦਤਰ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਭੇਜਣ ਤੋਂ ਵੀ ਡਰਦੇ ਹਨ। ਇਸੇ ਤਰ੍ਹਾਂ ਹੀ ਪਿੰਡ ਜੋਧਾ ਭੈਣੀ ਦੇ ਸਰਕਾਰੀ ਮਿਡਲ ਸਕੂਲ ’ਚ ਬਣੇ ਆਂਗਣਵਾਡ਼ੀ ਸੈਂਟਰ ਦੀ ਮਾਡ਼ੀ ਹਾਲਤ ਬਣੀ ਹੋਈ ਹੈ।
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸਤਪਾਲ ਸਿੰਘ ਤੇ ਹੋਰਨਾਂ ਲੋਕਾ ਨੇ ਦੱਸਿਆ ਕਿ ਉਨ੍ਹਾਂ ਦੇ ਆਂਗਣਵਾਡ਼ੀ ਸੈਂਟਰ ਦੇ ਇਕ ਕਮਰੇ ਤੇ ਰਸੋਈ ਦੀ ਹਾਲਤ ਬਹੁਤ ਖਸਤਾ ਤੇ ਮਾਡ਼ੀ ਹੋ ਚੁੱਕੀ ਹੈ। ਜਗ੍ਹਾ-ਜਗ੍ਹਾ ’ਤੇ ਕੰਧਾਂ ਨੂੰ ਵੱਡੀਆਂ-ਵੱਡੀਆਂ ਤਰੇਡ਼ਾਂ ਪੈ ਚੁੱਕੀਆਂ ਹਨ। ਇਨ੍ਹਾਂ ਕਮਰਿਆਂ ਨੂੰ ਵਰਤੋਂ ’ਚ ਲਿਆਉਣਾ ਬਹੁਤ ਖਤਰੇ ਵਾਲੀ ਗੱਲ ਹੈ, ਜਿਸ ਕਾਰਨ ਉਹ ਬੱਚਿਆਂ ਦਾ ਖਾਣਾ ਬਾਹਰ ਹੋਰ ਥਾਂ ’ਤੇ ਕਿਸੇ ਵਰਾਂਡੇ ’ਚ ਹੀ ਬਣਾਉਂਦੇ ਹਨ। ਉਨ੍ਹਾਂ  ਨੂੰ ਮੀਂਹ-ਹਨੇਰੀ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੱਚਿਆਂ ਨੂੰ ਵੀ ਕਿਸੇ ਹੋਰ ਥਾਂ ’ਤੇ ਬੈਠਣਾ ਪੈਂਦਾ ਹੈ। 
ਆਂਗਣਵਾਡ਼ੀ ਵਰਕਰ ਤੇ ਸਕੂਲ ਸਟਾਫ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਆਂਗਣਵਾਡ਼ੀ ਸੈਂਟਰ ਦੇ ਕਮਰੇ ਤੇ ਰਸੋਈ ਦਾ ਜਾਇਜ਼ਾ ਲਿਆ ਜਾਵੇ ਤੇ ਉਨ੍ਹਾਂ ਨੂੰ ਨਵਾਂ ਕਮਰਾ ਤੇ ਰਸੋਈ ਬਣਾ ਕੇ ਦਿੱਤੇ ਜਾਣ, ਤਾਂ ਜੋ ਬੱਚਿਆਂ ਨੂੰ ਸਮੇਂ ਸਿਰ ਖਾਣਾ ਮਿਲ ਸਕੇ। ਇਸ ਮੌਕੇ ਪਿੰਡ ਦੇ ਸਰਪੰਚ ਸਤਪਾਲ ਸਿੰਘ, ਸਰਕਾਰੀ ਮਿਡਲ ਸਕੂਲ ਦੇ ਪ੍ਰਿੰਸੀਪਲ ਜੈ ਚੰਦ, ਮਾਸਟਰ ਦੀਪਕ ਕੁਮਾਰ, ਆਂਗਣਵਾਡ਼ੀ ਵਰਕਰ ਸੀਮਾ ਰਾਣੀ, ਕਸ਼ਮੀਰਾ ਰਾਣੀ ਅਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ।

 


Related News