ਚੋਣਾਂ ਦਰਮਿਆਨ ਮਹਿੰਗਾਈ ਤੋਂ ਮਿਲੀ ਰਾਹਤ, ਰਸੋਈ ਗੈਸ ਸਿਲੰਡਰ ਹੋਇਆ ਸਸਤਾ

06/01/2024 10:50:13 AM

ਨਵੀਂ ਦਿੱਲੀ - ਲੋਕ ਸਭਾ ਚੋਣਾਂ ਦੌਰਾਨ ਸਰਕਾਰ ਨੇ ਐਲਪੀਜੀ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਇੱਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਦਿੱਲੀ ਵਿੱਚ ਇਸਦੀ ਕੀਮਤ ਹੁਣ 1676.00 ਰੁਪਏ ਹੋ ਗਈ ਹੈ ਜੋ ਪਹਿਲਾਂ 1745.50 ਰੁਪਏ ਵਿੱਚ ਉਪਲਬਧ ਸੀ। ਇਸ ਤਰ੍ਹਾਂ ਇਸ ਵਿੱਚ 69.50 ਰੁਪਏ ਦੀ ਕਟੌਤੀ ਕੀਤੀ ਗਈ ਹੈ ਪਰ ਘਰਾਂ ਵਿੱਚ ਵਰਤੇ ਜਾਣ ਵਾਲੇ 14 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਦਿੱਲੀ ਵਿੱਚ ਆਮ ਖਪਤਕਾਰਾਂ ਲਈ ਇਸ ਦੀ ਕੀਮਤ 803 ਰੁਪਏ ਹੈ, ਜਦੋਂ ਕਿ ਉੱਜਵਲਾ ਲਾਭਪਾਤਰੀਆਂ ਲਈ ਇਸ ਦੀ ਕੀਮਤ 603 ਰੁਪਏ ਹੈ। ਹੁਣ 19 ਕਿਲੋ ਦਾ ਸਿਲੰਡਰ ਕੋਲਕਾਤਾ ਵਿੱਚ 1787 ਰੁਪਏ, ਮੁੰਬਈ ਵਿੱਚ 1629 ਰੁਪਏ ਅਤੇ ਚੇਨਈ ਵਿੱਚ 1840 ਰੁਪਏ ਵਿੱਚ ਮਿਲੇਗਾ। ਘਟੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਕਮਰਸ਼ੀਅਲ ਸਿਲੰਡਰ ਦੀ ਕੀਮਤ ਲਗਾਤਾਰ ਤੀਜੇ ਮਹੀਨੇ ਘਟਾਈ ਗਈ ਹੈ।

ਇਸ ਤੋਂ ਪਹਿਲਾਂ ਅਪ੍ਰੈਲ ਅਤੇ ਮਈ 'ਚ ਵੀ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਘਟਾਈ ਗਈ ਸੀ। ਇਸ ਤੋਂ ਪਹਿਲਾਂ ਫਰਵਰੀ ਅਤੇ ਮਾਰਚ ਵਿੱਚ ਕੀਮਤਾਂ ਵਧੀਆਂ ਸਨ। ਇਸ ਦੇ ਨਾਲ ਹੀ ਅੱਜ ਤੋਂ ਆਟੋ ਗੈਸ ਅਤੇ ਏਟੀਐਫ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਇਸ ਦੌਰਾਨ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਸ਼ਨੀਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਹੈ। ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਆਈ ਹੈ। ਬ੍ਰੈਂਟ ਕਰੂਡ 0.25 ਡਾਲਰ ਜਾਂ 0.29% ਡਿੱਗ ਕੇ 81.62 ਡਾਲਰ 'ਤੇ ਆ ਗਿਆ। ਦੂਜੇ ਪਾਸੇ WTI ਕਰੂਡ ਵੀ 0.92 ਡਾਲਰ ਯਾਨੀ 1.18 ਫੀਸਦੀ ਦੀ ਗਿਰਾਵਟ ਨਾਲ 76.99 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।

ਉੱਜਵਲਾ ਯੋਜਨਾ

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਗਰੀਬ ਪਰਿਵਾਰਾਂ ਨੂੰ ਸਬਸਿਡੀ ਵਾਲੇ ਸਿਲੰਡਰ ਮੁਹੱਈਆ ਕਰਵਾਉਣ ਲਈ 2016 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦੀ ਮਿਆਦ ਮਾਰਚ 2024 ਵਿੱਚ ਖਤਮ ਹੋ ਰਹੀ ਸੀ। ਪਰ ਕੇਂਦਰੀ ਮੰਤਰੀ ਮੰਡਲ ਨੇ ਇਸ ਨੂੰ 31 ਮਾਰਚ 2025 ਤੱਕ ਵਧਾਉਣ ਦਾ ਫੈਸਲਾ ਕੀਤਾ ਸੀ। ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਾਲਾਨਾ 12 ਐਲਪੀਜੀ ਸਿਲੰਡਰ ਤੱਕ ਸਬਸਿਡੀ ਮਿਲਦੀ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਲਗਭਗ 10.27 ਕਰੋੜ ਲਾਭਪਾਤਰੀ ਹਨ। ਇਨ੍ਹਾਂ ਸਾਰਿਆਂ ਲਈ ਦਿੱਲੀ 'ਚ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 603 ਰੁਪਏ ਹੈ।
 


Harinder Kaur

Content Editor

Related News