ਪਹਿਲਾਂ ਚਮਕੀਲਾ ਅਤੇ ਹੁਣ ਮੂਸੇਵਾਲਾ, ਕਲਾ ਜਗਤ ’ਚ ਵੀ ‘ਅੰਡਰਵਲਰਡ’

Tuesday, May 31, 2022 - 12:29 PM (IST)

ਪਹਿਲਾਂ ਚਮਕੀਲਾ ਅਤੇ ਹੁਣ ਮੂਸੇਵਾਲਾ, ਕਲਾ ਜਗਤ ’ਚ ਵੀ ‘ਅੰਡਰਵਲਰਡ’

ਚੰਡੀਗੜ੍ਹ (ਰਮਨਜੀਤ) : ਪੰਜਾਬੀ ਗਾਇਕੀ ਨੂੰ ਪਸੰਦ ਕਰਨ ਵਾਲਾ ਹਰ ਸ਼ਖਸ ਚਮਕੀਲਾ ਤੋਂ ਵਾਕਿਫ਼ ਹੈ। ਅਮਰ ਸਿੰਘ ਚਮਕੀਲਾ। 80 ਅਤੇ 90 ਦੇ ਦਹਾਕੇ ਵਿਚ ਦੁਨੀਆਭਰ ਵਿਚ ਵਸਣ ਵਾਲੇ ਪੰਜਾਬੀਆਂ ਦੀ ਸੰਗੀਤਕ ਪਿਆਸ ਸ਼ਾਂਤ ਕਰਨ ਵਾਲਾ ਚਮਕੀਲਾ। 28 ਵਰ੍ਹਿਆਂ ਦੀ ਉਮਰ ਵਿਚ ਇਸ ਸਟਾਰ ਚਮਕੀਲਾ ਦੀ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿੱਤੀ ਗਈ ਸੀ। ਨਾਮ ਅੱਤਵਾਦੀਆਂ ਦਾ ਲੱਗਿਆ ਸੀ, ਪਰ ਚਰਚਾਵਾਂ ਹੋਰ ਵੀ ਬਹੁਤ ਸਨ, ਜਿਨ੍ਹਾਂ ਵਿਚੋਂ ਇਕ ਇਹ ਵੀ ਸੀ ਕਿ ਆਪਣੀ ਗਾਇਕੀ ਦਾ ਧੰਦਾ ਚੌਪਟ ਹੋਣ ਕਾਰਣ ਉਸ ਸਮੇਂ ਦੇ ਹੀ ਕੁੱਝ ਗਾਇਕਾਂ ਨੇ ਸੁਪਾਰੀ ਦੇ ਕੇ ਇਹ ਕੰਮ ਕਰਵਾਇਆ ਸੀ, ਪਰ ਇਹ ਕਤਲ ਦਾ ਮਾਮਲਾ ਕਦੇ ਵੀ ਸੁਲਝਾਇਆ ਨਹੀਂ ਜਾ ਸਕਿਆ।

ਹੁਣ, ਚਮਕੀਲਾ ਦੇ ਕਤਲ ਦੇ ਤਕਰੀਬਨ 34 ਸਾਲ ਬਾਅਦ ਗਾਇਕੀ ਦੇ ਖੇਤਰ ਵਿਚ ਠੀਕ ਚਮਕੀਲੇ ਦੀ ਹੀ ਤਰ੍ਹਾਂ ਪ੍ਰਸਿੱਧੀ ਹਾਸਿਲ ਕਰਨ ਵਾਲੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਵੀ ਹੱਤਿਆ ਗੋਲੀਆਂ ਦਾ ਮੀਂਹ ਵਰ੍ਹਾ ਕੇ ਕਰ ਦਿੱਤੀ ਗਈ। ਉਹ ਵੀ 28 ਸਾਲ ਦਾ ਸੀ ਅਤੇ ਆਪਣੇ ਗਾਇਕੀ ਕਰੀਅਰ ਦੀ ਬੁਲੰਦੀ ’ਤੇ ਸੀ। ਹੱਤਿਆ ਵਿਚ ਕੌਣ-ਕੌਣ ਸ਼ਾਮਲ ਹਨ ਅਤੇ ਇਸ ਪਿੱਛੇ ਕੀ ਸਾਜਿਸ਼ ਹੈ, ਪੁਲਸ ਉਸ ਦਾ ਛੇਤੀ ਹੀ ਖੁਲਾਸਾ ਕਰਨ ਦੀ ਕੋਸ਼ਿਸ਼ ਅਤੇ ਦਾਅਵਾ ਕਰ ਰਹੀ ਹੈ, ਪਰ ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਪੋਸਟਾਂ ਤੋਂ ਇਹ ਗੱਲ ਇਕ ਵਾਰ ਫਿਰ ਸਪੱਸ਼ਟ ਹੋ ਗਈ ਹੈ ਕਿ ਕਲਾ ਜਗਤ ਦੇ ਅੰਦਰ ਵੀ ਇਕ ‘ਅੰਡਰਵਲਰਡ’ ਕੰਮ ਕਰਦਾ ਹੈ। ਠੀਕ ਉਹੋ ਜਿਹਾ ਹੀ ਜਿਹੋ ਜਿਹਾ ਕਦੇ ਬਾਲੀਵੁੱਡ ਵਿਚ ਚਰਚਿਤ ਰਿਹਾ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲੇ ਦੇ ਕਤਲ ਕਾਰਨ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ’ਤੇ ਉੱਠਣ ਲੱਗੇ ਸਵਾਲ

ਜਿਸ ਤਰ੍ਹਾਂ ਕੱਲ੍ਹ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਦੇ ਇਕ ਪੇਜ ’ਤੇ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਗਈ ਅਤੇ ਮੂਸੇਵਾਲਾ ਨੂੰ ਕੁਝ ਲੋਕਾਂ ਦੀ ਹੱਤਿਆ ਵਿਚ ਭੂਮਿਕਾ ਨਿਭਾਉਣ ਵਾਲਾ ਕਰਾਰ ਦਿੱਤਾ ਗਿਆ, ਠੀਕ ਉਸੇ ਤਰ੍ਹਾਂ ਹੀ ਇਕ ਦੂਜੇ ਗੈਂਗਸਟਰ ਗਰੁੱਪ ਵਲੋਂ ਸੋਸ਼ਲ ਮੀਡੀਆ ਦੇ ਆਪਣੇ ਪੇਜ ’ਤੇ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਸਿੱਧੇ-ਸਿੱਧੇ ਧਮਕਾਉਂਦਿਆਂ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ ਦੀ ਲੜਾਈ ਤੋਂ ਗ੍ਰਿਫ਼ਤਾਰੀ ਤੱਕ ਵੀ ਪੁੱਜੇ ਗਾਇਕ

2019 ਦੇ ਦੌਰਾਨ ਗਾਇਕ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਵਿਚਕਾਰ ਕਈ ਦਿਨਾਂ ਤੱਕ ਸੋਸ਼ਲ ਮੀਡੀਆ ’ਤੇ ਇਕ ਦੂਜੇ ਨੂੰ ਧਮਕਾਉਣ, ਚੈਲੰਜ ਕਰਨ ਅਤੇ ਨੀਚਾ ਦਿਖਾਉਣ ਦੀ ਲੜਾਈ ਚੱਲੀ। ਬਾਅਦ ਵਿਚ ਦੋਵਾਂ ਵਲੋਂ ਇਕ ਦੂਜੇ ਨੂੰ ਦੇਖ ਲੈਣ ਲਈ ਮੋਹਾਲੀ ਵਿਚ ਆਹਮੋ-ਸਾਹਮਣਾ ਹੋਣਾ ਤੈਅ ਹੋਇਆ ਅਤੇ ਆਖਿਰ ਪੁਲਸ ਨੇ ਐਲੀ ਮਾਂਗਟ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ- ਬਿੰਦਰਖੀਆ ਤੋਂ ਬਾਅਦ 'ਮੂਸੇਵਾਲਾ' ਨੂੰ ਵੀ ਪਹਿਲਾਂ ਹੋ ਗਿਆ ਸੀ ਆਖ਼ਰੀ ਸਮੇਂ ਦਾ ਅੰਦਾਜ਼ਾ

ਧੜਿਆਂ ’ਚ ਵੰਡੇ ਹੋਏ ਹਨ ਕਲਾਕਾਰ ਵੀ

ਕੋਈ ਮੰਨੇ ਜਾਂ ਨਾ ਮੰਨੇ ਪਰ ਜਿਸ ਤਰ੍ਹਾਂ ਕਦੇ ਬਾਲੀਵੁਡ ਵਿਚ ਸੁਣਿਆ ਕਰਦੇ ਸੀ ਕਿ ਵੱਡੇ ਸਿਤਾਰਿਆਂ ਵਲੋਂ ਆਪਣੇ-ਆਪਣੇ ਧੜੇ ਬਣਾ ਕੇ ਜੂਨੀਅਰ ਕਲਾਕਾਰਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਅਤੇ ਫ਼ਿਲਮਾਂ ਵਿਚ ਕੰਮ ਦਿਵਾਉਣ ਲਈ ਧੜੇਬਾਜ਼ੀ ਦਾ ਖਿਆਲ ਰੱਖਿਆ ਜਾਂਦਾ ਹੈ, ਠੀਕ ਉਝ ਹੀ ਪੰਜਾਬ ਵਿਚ ਵੀ ਕਲਾਕਾਰਾਂ, ਖਾਸ ਕਰ ਕੇ ਗਾਇਕਾਂ ਦੇ ਗੁਟ ਬਣੇ ਹੋਏ ਹਨ। ਗਾਇਕ ਆਪਣੇ ਵਿਰੋਧੀ ਧੜੇ ਵਾਲੇ ਗਾਇਕਾਂ ਖਿਲਾਫ਼ ਨਾ ਸਿਰਫ਼ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਦੇ ਹਨ, ਸਗੋਂ ਕਈ ਗਾਣਿਆਂ ਰਾਹੀਂ ਵੀ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

ਇਸ ਸਭ ਦੇ ਪਿੱਛੇ ਹਜ਼ਾਰਾਂ ਕਰੋੜ ਰੁਪਏ ਦੀ ਪੰਜਾਬੀ ਸੰਗੀਤ ਇੰਡਸਟਰੀ ਹੈ, ਜੋ ਕਿ ਪੰਜਾਬ ਤੋਂ ਲੈ ਕੇ ਦੁਨੀਆ ਦੇ ਹਰ ਕੋਨੇ ਵਿਚ ਵਸੇ ਪੰਜਾਬੀਆਂ ਦੀ ਬਦੌਲਤ ਲਗਾਤਾਰ ਕਾਇਮ ਹੈ ਅਤੇ ਗਾਇਕਾਂ ਨੂੰ ਉਨ੍ਹਾਂ ਦੀ ਅਤੁਲ ਜਾਇਦਾਦ ਬਣਾਉਣ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਘਰ ਬਾਹਰ ਖੜ੍ਹੇ ਫੈਨਜ਼ ਨੂੰ ਚੜ੍ਹਿਆ ਗੁੱਸਾ, ਰੋਂਦਿਆਂ ਨੇ ਕਹੀਆਂ ਇਹ ਗੱਲਾਂ

ਚਰਚਾ ਹੈ ਕਿ ਸਿੱਧੂ ਮੂਸੇਵਾਲਾ ਪੰਜਾਬ ਦੇ ਗਾਇਕਾਂ ਦੀ ਧੜੇਬਾਜ਼ੀ ਤੋਂ ਵੱਖ ਰਿਹਾ ਅਤੇ ਆਪਣੇ ਦਮ ’ਤੇ ਸਾਰਿਆਂ ਨੂੰ ਪਿੱਛੇ ਛੱਡਦਾ ਚਲਾ ਗਿਆ। ਉਸ ਦੀ ਦੇਖਾ-ਦੇਖੀ ਕੁੱਝ ਹੋਰ ਗਾਇਕਾਂ ਵਲੋਂ ਵੀ ਧੜੇਬਾਜ਼ੀ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਣ ਧੜਿਆਂ ਨੂੰ ਚਲਾਉਣ ਵਾਲਿਆਂ ਦੀ ਕਮਾਈ ’ਤੇ ਵੀ ਅਸਰ ਪੈਣ ਲੱਗਾ ਸੀ, ਜਿਸ ਕਾਰਣ ਹੀ ਗੈਂਗਸਟਰਾਂ ਨੂੰ ਕੰਮ ’ਤੇ ਲਗਾਇਆ ਗਿਆ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News