66 ਫੁੱਟੀ ਰੋਡ ’ਤੇ ਇਲੈਕਟ੍ਰਾਨਿਕ ਆਟੋ ਦੀ ਦੂਜੇ ਆਟੋ ਨਾਲ ਟੱਕਰ, ਇਕ ਦੀ ਮੌਤ
Monday, Dec 27, 2021 - 02:34 AM (IST)
ਜਲੰਧਰ(ਵਰੁਣ)- 66 ਫੁੱਟੀ ਰੋਡ ਸਥਿਤ ਕਿਊਰੋ ਮਾਲ ਨੇੜੇ ਇਲੈਕਟ੍ਰਾਨਿਕ ਆਟੋ ਦੀ ਇਕ ਹੋਰ ਆਟੋ ਨਾਲ ਟੱਕਰ ਹੋ ਗਈ। ਹਾਦਸੇ ’ਚ ਦੋਧੀ ਦੇ ਆਟੋ ’ਚ ਸਵਾਰ 52 ਸਾਲਾ ਵਿਅਕਤੀ ਦੀ ਸੜਕ ’ਤੇ ਡਿੱਗਣ ਕਰਕੇ ਦਰਦਨਾਕ ਮੌਤ ਹੋ ਗਈ ਜਦਕਿ ਇਲੈਕਟ੍ਰਾਨਿਕ ਆਟੋ ਦਾ ਚਾਲਕ ਉਥੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਜੈਰਾਮ ਯਾਦਵ ਪੁੱਤਰ ਵਿਪਨ ਯਾਦਵ ਹਾਲ ਵਾਸੀ ਸੈਦਾਂ ਗੇਟ ਵਜੋਂ ਹੋਈ ਹੈ। ਪੁਲਸ ਨੇ ਟੱਕਰ ਮਾਰਨ ਵਾਲੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜੈਰਾਮ ਯਾਦਵ ਡੇਅਰੀ ’ਚ ਕੰਮ ਕਰਦਾ ਹੈ, ਜੋ ਦੁੱਧ ਸਪਲਾਈ ਕਰ ਕੇ ਵਾਪਸ ਜਾ ਰਿਹਾ ਸੀ। ਜਿਵੇਂ ਹੀ ਉਸ ਦਾ ਆਟੋ ਕਿਊਰੋ ਮਾਲ ਨੇੜੇ ਆਇਆ ਤਾਂ ਸਾਹਮਣਿਓਂ ਆ ਰਹੇ ਇਕ ਇਲੈਕਟ੍ਰਾਨਿਕ ਆਟੋ ਨੇ ਉਸ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਜੈਰਾਮ ਯਾਦਵ ਸੜਕ ’ਤੇ ਡਿੱਗ ਗਿਆ, ਸਿਰ ’ਤੇ ਸੱਟ ਲੱਗਣ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਗਿਆ। ਹਸਪਤਾਲ ’ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ 7 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਾਹਨ ਨੂੰ ਟੱਕਰ ਮਾਰਨ ਵਾਲੇ ਇਲੈਕਟ੍ਰਾਨਿਕ ਆਟੋ ਨੂੰ ਕਬਜ਼ੇ ’ਚ ਲੈ ਲਿਆ। ਥਾਣਾ ਸਦਰ ਦੇ ਇੰਚਾਰਜ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸੰਸਦ ਮੈਂਬਰ ਢੀਂਡਸਾ ਅੱਜ ਕਰਨਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
ਜੇ ਮਨੁੱਖਤਾ ਜਿਉਂਦੀ ਹੁੰਦੀ ਤਾਂ ਜੈ ਰਾਮ ਜਿਉਂਦਾ ਹੁੰਦਾ
ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਮੌਕੇ ਤੋਂ ਆਪਣੀ ਕਾਰ ’ਚੋਂ ਉਤਰ ਰਹੇ ਅੰਕੁਰ ਚੋਪੜਾ ਨੇ ਜ਼ਖਮੀ ਜੈਰਾਮ ਯਾਦਵ ਦੀ ਹਾਲਤ ਵੇਖੀ ਤਾਂ ਉਸ ਨੂੰ ਤੁਰੰਤ ਆਪਣੀ ਕਾਰ ’ਚ ਬਿਠਾ ਕੇ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚਣ ’ਤੇ ਪਤਾ ਲੱਗਾ ਕਿ ਜੈਰਾਮ ਯਾਦਵ ਦੀ ਮੌਤ ਹੋ ਚੁੱਕੀ ਹੈ, ਹਾਲਾਂਕਿ ਅੰਕੁਰ ਚੋਪੜਾ ਨੇ ਜੈਰਾਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦਾ ਦਰਦ ਦੇਖਣ ਨੂੰ ਮਿਲਿਆ। ਅੰਕੁਰ ਨੇ ਕਿਹਾ ਕਿ ਕਾਸ਼ ਮੈਂ ਪਹਿਲਾਂ ਆ ਜਾਂਦਾ ਤਾਂ ਸ਼ਾਇਦ ਜੈਰਾਮ ਦੀ ਜਾਨ ਬਚ ਜਾਂਦੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਜ਼ਖਮੀ ਵਿਅਕਤੀ ਨੂੰ ਦੇਖਿਆ ਤਾਂ ਉਹ ਖੂਨ ਨਾਲ ਲੱਥਪੱਥ ਸੀ। ਉਸ ਦੀ ਧੜਕਣ ਚਲ ਰਹੀ ਸੀ ਅਤੇ ਉਹ ਸਾਹ ਲੈਣ ਯੋਗ ਸੀ। ਅੰਕੁਰ ਨੇ ਕਿਹਾ ਕਿ ਜੇਕਰ ਮੇਰੇ ਤੋਂ ਪਹਿਲਾਂ ਕਿਸੇ ਨੇ ਉਸਦੀ ਮਦਦ ਕੀਤੀ ਹੁੰਦੀ ਤਾਂ ਉਹ ਬਚ ਸਕਦਾ ਸੀ। ਅੰਕੁਰ ਨੇ ਦੱਸਿਆ ਕਿ ਉਸ ਨੇ ਜੈ ਰਾਮ ਦੀ ਜੇਬ ਵਿਚੋਂ ਮਿਲੇ 942 ਰੁਪਏ ਅਤੇ ਹੋਰ ਦਸਤਾਵੇਜ਼ ਪੁਲਸ ਨੂੰ ਸੌਂਪ ਦਿੱਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।