ਦੋ ਲੜਕੀਆਂ ਦੀ ਮਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼

Thursday, Jun 15, 2017 - 03:17 AM (IST)

ਦੋ ਲੜਕੀਆਂ ਦੀ ਮਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼

ਸੁਲਤਾਨਪੁਰ ਲੋਧੀ,   (ਸੋਢੀ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਦੋ ਲੜਕੀਆਂ ਦੀ ਮਾਂ ਰਮਨਦੀਪ ਕੌਰ ਪਤਨੀ ਹਰਪ੍ਰਿਤਪਾਲ ਸਿੰਘ ਨਿਵਾਸੀ ਮੁਹੱਲਾ ਕੀੜੀ ਪਿੰਡ ਡੱਲਾ ਦੀ ਸ਼ਿਕਾਇਤ 'ਤੇ ਉਸ ਦੀ ਕਥਿਤ ਕੁੱਟਮਾਰ ਕਰਨ, ਚੁੰਨੀ ਗਲ 'ਚ ਪਾ ਕੇ ਮਾਰਨ ਦੀ ਕੋਸ਼ਿਸ਼ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਅਕਾਲੀ ਆਗੂ ਜਥੇਦਾਰ ਹਰਜਿੰਦਰ ਸਿੰਘ ਵਿਰਕ (ਸਹੁਰੇ), ਪਰਮਜੀਤ ਕੌਰ (ਸੱਸ), ਹਰਪ੍ਰਿਤਪਾਲ ਸਿੰਘ (ਪਤੀ), ਰੁਪਿੰਦਰ ਕੌਰ (ਨਨਾਣ), ਨਿਰਵੈਲ ਸਿੰਘ ਪੁੱਤਰ ਪ੍ਰਗਟ ਸਿੰਘ ਮੁਹੱਲਾ ਕੀੜੀ ਪਿੰਡ ਡੱਲਾ ਖਿਲਾਫ ਧਾਰਾ-323, 324, 354, 506, 34 ਆਈ. ਪੀ. ਸੀ. ਤਹਿਤ ਮੁਕੱਦਮਾ ਨੰ. 160 ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਵਿਆਹੁਤਾ ਰਮਨਦੀਪ ਕੌਰ ਨੇ ਦੱਸਿਆ ਕਿ ਮੇਰਾ ਵਿਆਹ 2011 ਨੂੰ ਹਰਪ੍ਰਿਤਪਾਲ ਸਿੰਘ ਪੁੱਤਰ ਜਥੇਦਾਰ ਹਰਜਿੰਦਰ ਸਿੰਘ ਵਿਰਕ ਨਿਵਾਸੀ ਪਿੰਡ ਡੱਲਾ ਨਾਲ ਹੋਇਆ ਸੀ ਤੇ ਉਸ ਦੀ ਇਕ ਪੰਜ ਸਾਲ ਦੀ ਲੜਕੀ ਹਰਪ੍ਰੀਤ ਕੌਰ ਹੈ ਤੇ ਇਕ ਲੜਕੀ ਇਕ ਸਾਲ ਦੀ ਹੈ। ਮੇਰੇ ਸਹੁਰੇ ਪਰਿਵਾਰ ਦੇ ਮੈਂਬਰ ਮੈਨੂੰ ਆਪਣੇ ਘਰ ਦੇ ਕਾਬਲ ਨਹੀਂ ਸਮਝਦੇ ਸਨ ਤੇ ਮੇਰੇ ਨਾਲ ਲੜਾਈ-ਝਗੜਾ ਤੇ ਕੁੱਟਮਾਰ ਕਰਦੇ ਸਨ ਅਤੇ ਮੈਨੂੰ ਘਰੋਂ ਕੱਢਣਾ ਚਾਹੁੰਦੇ ਸਨ। ਰਮਨਦੀਪ ਕੌਰ ਨੇ ਆਪਣੇ ਸਹੁਰੇ ਖਿਲਾਫ ਸੰਗੀਨ ਦੋਸ਼ ਲਾਉਂਦਿਆਂ ਕਿਹਾ ਕਿ ਮੇਰਾ ਸਹੁਰਾ ਮੇਰੇ ਨਾਲ ਗਲਤ ਹਰਕਤਾਂ ਕਰਦਾ ਸੀ। ਉਸ ਨੇ ਦੋਸ਼ ਲਾਇਆ ਕਿ ਉਹ ਮੈਨੂੰ ਖਰਚੇ ਲਈ ਪੈਸੇ ਨਹੀਂ ਦਿੰਦੇ ਸੀ ਤੇ ਮੈਂ ਆਪਣੇ ਘਰ ਅਤੇ ਦੋਵਾਂ ਬੇਟੀਆਂ ਦਾ ਖਰਚਾ ਆਪਣੇ ਪੇਕੇ ਪਰਿਵਾਰ ਤੋਂ ਲਿਆ ਕੇ ਕਰਦੀ ਸੀ। ਪਹਿਲਾਂ ਵੀ ਹੋਏ ਝਗੜੇ ਦਾ ਰਾਜ਼ੀਨਾਮਾ ਪੰਚਾਇਤਾਂ ਨੇ ਕਰਵਾ ਦਿੱਤਾ ਸੀ ਪਰ ਰਾਜ਼ੀਨਾਮੇ ਤੋਂ ਬਾਅਦ ਵੀ ਇਨ੍ਹਾਂ ਦਾ ਮੇਰੇ ਨਾਲ ਵਤੀਰਾ ਉਸੇ ਤਰ੍ਹਾਂ ਦਾ ਰਿਹਾ। ਪੀੜਤਾ ਨੇ ਦੋਸ਼ ਲਾਇਆ ਕਿ 10 ਜੂਨ ਨੂੰ ਮੇਰੇ ਘਰਵਾਲਾ ਹਰਪ੍ਰਿਤਪਾਲ ਸਿੰਘ ਘਰ 'ਚ ਲੱਗੀ ਟੂਟੀ ਟੁੱਟਣ 'ਤੇ ਮੇਰੇ ਨਾਲ ਲੜ ਰਿਹਾ ਸੀ ਤੇ ਮੈਨੂੰ ਗਾਲੀ-ਗਲੋਚ ਕਰ ਰਿਹਾ ਸੀ। ਉਸੇ ਸਮੇਂ ਉਸ ਨੇ ਮੇਰੇ ਭਰਾ ਗੁਰਤੇਜ ਸਿੰਘ ਨੂੰ ਫੋਨ ਲਾ ਕੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦੇਣ ਲੱਗ ਪਿਆ ਅਤੇ ਮੈਨੂੰ ਕੁੱਟਦਾ ਰਿਹਾ, ਮੇਰਾ ਰੌਲਾ ਮੇਰੇ ਭਰਾ ਨੂੰ ਫੋਨ 'ਤੇ ਸੁਣ ਰਿਹਾ ਸੀ। ਇਸ ਤੋਂ ਬਾਅਦ ਮੇਰੇ ਸਹੁਰੇ ਹਰਜਿੰਦਰ ਸਿੰਘ ਵਿਰਕ, ਸੱਸ ਪਰਮਜੀਤ ਕੌਰ, ਨਨਾਣ ਤੇ ਨਿਰਵੈਲ ਸਿੰਘ ਨੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮੈਨੂੰ ਗਲ 'ਚ ਚੁੰਨੀ ਪਾ ਕੇ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਇਹ ਵੀ ਦੱਸਿਆ ਕਿ ਮੇਰੇ ਪਤੀ ਨੇ ਵੀ ਮੇਰੇ ਨਾਲ ਕੁੱਟਮਾਰ ਕਰ ਕੇ ਮੇਰੇ ਦੰਦਾਂ 'ਚੋਂ ਖੂਨ ਕੱਢ ਦਿੱਤਾ। ਉਸ ਨੇ ਆਪਣੇ ਸਹੁਰੇ 'ਤੇ ਦੋਸ਼ ਲਾਇਆ ਕਿ ਉਹ ਮੇਰੀ ਬੇਇੱਜ਼ਤੀ ਕਰਨ ਦੀ ਨੀਅਤ ਨਾਲ ਮੈਨੂੰ ਵਾਲਾਂ ਤੋਂ ਫੜ ਕੇ ਘਸੀਟ ਕੇ ਆਪਣੇ ਭਰਾ ਦੇ ਘਰ ਲਿਜਾਣ ਲੱਗਾ ਸੀ। 
ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨਾਲ ਇਸ ਸੰਬੰਧੀ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਮੈਡੀਕਲ ਦੌਰਾਨ ਪੀੜਤ ਲੜਕੀ ਰਮਨਦੀਪ ਕੌਰ ਦੇ 8 ਸੱਟਾਂ ਲੱਗਣ ਦੀ ਪੁਸ਼ਟੀ ਹੋਈ ਹੈ ਤੇ ਪੁਲਸ ਇਸ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਮੇਰੇ ਖਿਲਾਫ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਪੁਲਸ ਨੇ ਝੂਠਾ ਕੇਸ ਦਰਜ ਕੀਤਾ : ਵਿਰਕ
ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਸਾਬਕਾ ਮੈਂਬਰ ਜਥੇਦਾਰ ਹਰਜਿੰਦਰ ਸਿੰਘ ਵਿਰਕ ਤੇ ਉਨ੍ਹਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਵਿਰਕ ਮੈਂਬਰ ਜ਼ਿਲਾ ਪ੍ਰੀਸ਼ਦ ਕਪੂਰਥਲਾ ਨੇ ਇਸ ਸੰਬੰਧੀ ਆਪਣਾ ਪੱਖ ਬਿਆਨ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਪੁਲਸ ਨੇ ਮੇਰੇ ਤੇ ਮੇਰੇ ਪਰਿਵਾਰ ਖਿਲਾਫ ਬਿਨਾਂ ਕਿਸੇ ਜਾਂਚ ਦੇ ਸੱਤਾਧਾਰੀ ਪਾਰਟੀ ਦੇ ਕਥਿਤ ਸਿਆਸੀ ਦਬਾਅ ਹੇਠ ਕੇਸ ਦਰਜ ਕੀਤਾ ਹੈ। ਜਥੇਦਾਰ ਵਿਰਕ ਨੇ ਉਲਟਾ ਦੋਸ਼ ਲਾਇਆ ਕਿ ਉਨ੍ਹਾਂ ਦੀ ਨੂੰਹ ਰਮਨਦੀਪ ਕੌਰ ਨੇ ਉਨ੍ਹਾਂ ਦੇ ਪਰਿਵਾਰ ਦਾ ਜਿਊਣਾ ਹਰਾਮ ਕਰ ਕੇ ਰੱਖ ਦਿੱਤਾ ਹੈ ਤੇ ਮੇਰੀ ਦਾੜ੍ਹੀ ਪੁੱਟ ਕੇ ਮੇਰੇ ਨਾਲ ਇੰਨਾ ਮਾੜਾ ਵਿਵਹਾਰ ਕੀਤਾ ਕਿ ਮੈਂ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਸ਼ਿਕਾਇਤ ਪੁਲਸ ਚੌਕੀ ਡੱਲਾ 'ਚ ਦਰਜ ਕਰਵਾਈ ਪਰ ਉਸ 'ਤੇ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਰਮਨਦੀਪ ਕੌਰ ਵਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਸਾਡੇ ਖਿਲਾਫ ਬਦਲੇ ਦੀ ਭਾਵਨਾ ਨਾਲ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ 18 ਸਤੰਬਰ 2013 ਨੂੰ ਰਮਨਦੀਪ ਕੌਰ ਨੇ ਪੰਚਾਇਤ 'ਚ ਹੋਏ ਰਾਜ਼ੀਨਾਮੇ 'ਚ ਹਲਫੀਆ ਬਿਆਨ ਦੇ ਕੇ ਕਿਹਾ ਸੀ ਕਿ ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਕੋਈ ਝਗੜਾ ਨਹੀਂ ਹੈ ਤੇ ਨਾ ਹੀ ਕਦੇ ਪਰਿਵਾਰ ਨੇ ਕੋਈ ਦਾਜ ਦੀ ਮੰਗ ਕੀਤੀ ਹੈ। ਉਸ ਸਮੇਂ ਉਸ ਨੇ ਆਪਣੀਆਂ ਸਾਰੀਆਂ ਸ਼ਿਕਾਇਤਾਂ ਵੀ ਵਾਪਸ ਲੈ ਲਈਆਂ ਸਨ। ਇਸ ਸੰਬੰਧੀ ਜਥੇ. ਹਰਜਿੰਦਰ ਸਿੰਘ ਵਿਰਕ ਦੀ ਨੂੰਹ ਰਮਨਦੀਪ ਕੌਰ ਨੇ ਕਿਹਾ ਕਿ ਪੰਚਾਇਤ 'ਚ ਹੋਏ ਰਾਜ਼ੀਨਾਮੇ ਮੁਤਾਬਕ ਆਪਣਾ ਘਰ ਵਸਾਉਣ ਲਈ ਦਬਾਅ 'ਚ ਉਸ ਦੇ ਦਸਤਖਤ ਕਰਵਾਏ ਗਏ ਸਨ।


Related News