ਐਂਬੂਲੈਂਸ ਦਾ ਟਾਇਰ ਫਟਿਆ, ਖਤਰੇ ’ਚ ਪਈ ਮਰੀਜ਼ ਦੀ ਜਾਨ

08/27/2018 6:42:39 AM

 ਲੁਧਿਆਣਾ, (ਸਹਿਗਲ)- 108 ਐਂਬੂਲੈਂਸ ਦੀ ਹਾਲਤ ਕਿਸੇ ਤੋਂ ਛੁਪੀ ਨਹੀਂ ਹੈ। ਰਾਜ ਵਿਚ ਚੱਲ ਰਹੀਆਂ ਇਨ੍ਹਾਂ 240 ਐਂਬੂਲੈਂਸ ਗੱਡੀਆਂ ’ਚ ਜ਼ਿਆਦਾਤਰ ਦੀ ਹਾਲਤ ਕਾਫੀ ਖਰਾਬ ਹੈ। ਇਸ ਨਾਲ ਕਈ ਵਾਰ ਐਂਬੂਲੈਂਸ ਰਸਤੇ ’ਚ ਖਰਾਬ ਹੋ ਜਾਣ ਨਾਲ ਮਰੀਜ਼ ਦੀ ਹਾਲਤ ਕਾਫੀ ਗੰਭੀਰ ਹੋ ਜਾਂਦੀ ਹੈ।
 ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪਿੰਡ ਈਸਡ਼ੂ ਤੋਂ ਖੰਨਾ ਸਿਵਲ ਹਸਪਤਾਲ ’ਚ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦਾ ਟਾਇਰ ਫਟ ਗਿਆ। ਉਸ ਸਮੇਂ ਐਂਬੂਲੈਂਸ ’ਚ ਜਸਵਿੰਦਰ ਸਿੰਘ (35) ਪੁੱਤਰ ਦਰਸ਼ਨ ਸਿੰਘ, ਜਿਸ ਨੂੰ ਹਾਰਟ ਅਟੈਕ ਹੋਇਆ ਸੀ, ਨੂੰ ਸਿਵਲ ਹਸਪਤਾਲ ਖੰਨਾ ਲਿਜਾਇਆ ਜਾ ਰਿਹਾ ਸੀ।  ਟਾਇਰ ਫਟਣ ਤੋਂ ਬਾਅਦ ਮਰੀਜ਼ ਨੂੰ ਫਿਰ ਤੋਂ ਛਾਤੀ ’ਚ  ਦਰਦ ਸ਼ੁਰੂ ਹੋ ਗਈ ਅਤੇ ਈ. ਐੱਮ. ਟੀ.  ਨੇ ਕਿਸੇ ਤਰ੍ਹਾਂ ਮਰੀਜ਼ ਨੂੰ ਸੰਭਾਲਿਆ ਅਤੇ  ਹਸਪਤਾਲ ਪਹੁੰਚਾਇਆ।
 ਐਂਬੂਲੈਂਸ ਦੇ ਕਰਮਚਾਰੀਆਂ ਦੀ ਯੂਨੀਅਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਜ਼ਿਲੇ ’ਚ ਚੱਲ ਰਹੀਆਂ ਕਈ ਐਂਬੂਲੈਂਸ ਗੱਡੀਆਂ ਦੀ ਹਾਲਤ ਕਾਫੀ ਖਸਤਾ ਹੈ। ਜੇਕਰ ਕੋਈ ਕਰਮਚਾਰੀ ਇਸ ਦੀ ਸ਼ਿਕਾਇਤ ਕੰਪਨੀ ਨੂੰ ਕਰਦਾ ਹੈ ਜਾਂ ਮੀਡੀਆ ਨੂੰ ਦਸਦਾ ਹੈ ਤਾਂ ਉਸ ਦੀ ਟਰਾਂਸਫਰ ਕਰ ਦਿੱਤੀ ਜਾਂਦੀ  ਹੈ। ਉਨ੍ਹਾਂ ਕਿਹਾ ਕਿ ਕੰਡਮ ਹੋ ਰਹੀਆਂ ਐਂਬੂਲੈਂਸ ਗੱਡੀਆਂ ਕਾਰਨ ਮਰੀਜ਼ਾਂ ਦੀ ਜਾਨ ਤੇ ਖਤਰਾ ਬਣਿਆ ਰਹਿੰਦਾ ਹੈ। 
 


Related News