ਦਰਦ ਨਾਲ ਤੜਫਦੀ ਰਹੀ ਗਰਭਵਤੀ ਡਾਕਟਰ ਨੇ ਮਰੀਜ਼ ਦੀ ਨਹੀਂ ਲਈ ਸਾਰ

Saturday, Feb 03, 2018 - 07:08 AM (IST)

ਦਰਦ ਨਾਲ ਤੜਫਦੀ ਰਹੀ ਗਰਭਵਤੀ ਡਾਕਟਰ ਨੇ ਮਰੀਜ਼ ਦੀ ਨਹੀਂ ਲਈ ਸਾਰ

ਅੰਮ੍ਰਿਤਸਰ, (ਦਲਜੀਤ)- ਸਿਵਲ ਹਸਪਤਾਲ 'ਚ 9 ਮਹੀਨੇ ਚੈੱਕਅਪ ਕਰਵਾਉਣ ਤੋਂ ਬਾਅਦ ਵੀ ਡਾਕਟਰਾਂ ਨੇ ਜਣੇਪੇ ਲਈ ਆਈ ਗਰਭਵਤੀ ਨੂੰ ਦਾਖਲ ਨਹੀਂ ਕੀਤਾ। ਗਰਭਵਤੀ ਔਰਤ ਜਣੇਪੇ ਦੀਆਂ ਦਰਦਾਂ ਨਾਲ ਤੜਫਦੀ ਰਹੀ ਪਰ ਡਾਕਟਰਾਂ ਦਾ ਕਠੋਰ ਦਿਲ ਨਹੀਂ ਪਿਘਲਿਆ। ਹਸਪਤਾਲ ਦੇ ਡਾਕਟਰਾਂ ਨੇ ਗਰਭਵਤੀ ਨੂੰ ਥਾਈਰਾਈਡ ਹੋਣ ਦੀ ਗੱਲ ਕਹਿੰਦਿਆਂ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਲਿਆ। ਮਰੀਜ਼ ਦੇ ਵਾਰਿਸਾਂ ਨੇ ਔਰਤ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਦੂਸਰੇ ਹਤਪਤਾਲ ਵਿਚ ਸਿਫ਼ਟ ਕਰਵਾਇਆ।
ਜਾਣਕਾਰੀ ਅਨੁਸਾਰ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਦੀ ਰਹਿਣ ਵਾਲੀ ਮੀਨਾ ਕੁਮਾਰੀ ਪਿਛਲੇ 9 ਮਹੀਨਿਆਂ ਤੋਂ ਹਸਪਤਾਲ ਦੇ ਗਾਇਨੀ ਵਿਭਾਗ ਦੀਆਂ ਡਾਕਟਰਾਂ ਨੂੰ ਆਪਣਾ ਚੈੱਕਅਪ ਕਰਵਾ ਰਹੀ ਸੀ। ਮੀਨਾ ਕੁਮਾਰੀ ਨੂੰ ਡਾਕਟਰਾਂ ਵੱਲੋਂ 25 ਜਨਵਰੀ ਜਣੇਪੇ ਲਈ ਬੁਲਾਇਆ ਗਿਆ ਸੀ, ਜਦੋਂ ਮਰੀਜ਼ ਡਾਕਟਰਾਂ ਦੇ ਕਹੇ ਅਨੁਸਾਰ ਹਸਪਤਾਲ ਪੁੱਜੀ ਤਾਂ ਡਾਕਟਰਾਂ ਵੱਲੋਂ ਦੁਬਾਰਾ ਟੈਸਟ ਕਰਵਾਏ ਗਏ। ਟੈਸਟ ਵਿਚ ਥਾਈਰਾਈਡ ਆਉਣ ਕਾਰਨ ਡਾਕਟਰਾਂ ਨੇ ਜਣੇਪਾ ਕਰਨ ਤੋਂ ਮਨ੍ਹਾ ਕਰ ਦਿੱਤਾ। ਮੀਨਾ ਕੁਮਾਰੀ ਦੀ ਮਾਂ ਸਿਮਰਨ ਨੇ ਦੱਸਿਆ ਕਿ ਮਰੀਜ਼ ਦੇ 4 ਮਹੀਨੇ ਵੀ ਗਾਇਨੀ ਵਿਭਾਗ ਦੀਆਂ ਡਾਕਟਰਾਂ ਤੋਂ ਸਾਰੇ ਟੈਸਟ ਕਰਵਾਏ ਗਏ ਸਨ, ਉਸ ਸਮੇਂ ਵੀ ਡਾਕਟਰਾਂ ਨੇ ਨਹੀਂ ਦੱਸਿਆ ਕਿ ਮਰੀਜ਼ ਨੂੰ ਥਾਈਰਾਈਡ ਹੈ। ਇਸ ਤੋਂ ਬਾਅਦ 7 ਮਹੀਨੇ ਵੀ ਦੁਬਾਰਾ ਟੈਸਟ ਕਰਵਾਏ ਗਏ, ਫਿਰ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਮੀਨਾ ਨੂੰ ਮਾਮੂਲੀ ਜਿਹਾ ਥਾਈਰਾਈਡ ਹੈ। ਡਾਕਟਰਾਂ ਵੱਲੋਂ ਸਾਰੀਆਂ ਰਿਪੋਰਟਾਂ ਦੇਖਣ ਤੋਂ ਬਾਅਦ 25 ਜਨਵਰੀ ਨੂੰ ਆਪ੍ਰੇਸ਼ਨ ਲਈ ਬੁਲਾਇਆ ਗਿਆ ਸੀ। ਡਾਕਟਰਾਂ ਵੱਲੋਂ ਦਿੱਤੀ ਤਰੀਕ 'ਤੇ ਜਦੋਂ ਮੀਨਾ ਨੂੰ ਲੈ ਕੇ ਹਸਪਤਾਲ ਆਏ ਤਾਂ ਦੁਬਾਰਾ ਟੈਸਟ ਕਰਵਾਏ ਗਏ।
ਵਿਭਾਗ ਦੀ ਡਾਕਟਰ ਨੇ ਮਰੀਜ਼ ਦੀ ਰਿਪੋਰਟ 'ਚ ਥਾਈਰਾਈਡ ਜ਼ਿਆਦਾ ਹੋਣ ਦੀ ਗੱਲ ਕਹਿੰਦਿਆਂ ਮਰੀਜ਼ ਨੂੰ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ। ਮੀਨਾ ਨੂੰ ਉਸ ਵੇਲੇ ਜਣੇਪੇ ਦੀਆਂ ਦਰਦਾਂ ਲੱਗੀਆਂ ਹੋਈਆਂ ਸਨ। ਡਾਕਟਰ ਨੇ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਤੁਸੀਂ 8 ਦਿਨ ਬਾਅਦ ਮਰੀਜ਼ ਨੂੰ ਥਾਈਰਾਈਡ ਦੀ ਦਵਾਈ ਖੁਆ ਕੇ ਲਿਆਉਣਾ, ਫਿਰ ਦੇਖਾਂਗੇ ਕਿ ਕੀ ਮਰੀਜ਼ ਦਾ ਜਣੇਪਾ ਕਰਨਾ ਹੈ ਜਾਂ ਨਹੀਂ। ਸਿਮਰਨ ਨੇ ਕਿਹਾ ਕਿ ਮੀਨਾ ਦੀ 2 ਦਿਨ ਬਾਅਦ ਹਾਲਤ ਦਰਦਾਂ ਨਾਲ ਹੋਰ ਜ਼ਿਆਦਾ ਖਰਾਬ ਹੋ ਗਈ। ਸਿਵਲ ਹਸਪਤਾਲ ਦੀ ਉਕਤ ਮਹਿਲਾ ਡਾਕਟਰ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਦੂਸਰੇ ਹਸਪਤਾਲ ਵਿਚ ਮੀਨਾ ਨੂੰ ਦਾਖਲ ਕਰਵਾਉਣਾ ਪਿਆ। ਸਿਮਰਨ ਨੇ ਕਿਹਾ ਕਿ ਉਕਤ ਡਾਕਟਰ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਜਣੇਪੇ ਕਰਨ 'ਚ ਪੰਜਾਬ ਭਰ 'ਚ ਪ੍ਰਸਿੱਧ ਹੈ ਸਿਵਲ ਹਸਪਤਾਲ
ਸਿਹਤ ਵਿਭਾਗ ਵੱਲੋਂ ਵੱਧ ਜਣੇਪੇ ਕਰਨ ਵਿਚ ਸਾਲ 2015 'ਚ ਸਿਵਲ ਹਸਪਤਾਲ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਐਵਾਰਡ ਲੈਣ ਤੋਂ ਬਾਅਦ ਉਕਤ ਹਸਪਤਾਲ ਦੇ ਗਾਇਨੀ ਵਿਭਾਗ ਦੀਆਂ ਸਿਹਤ ਸੇਵਾਵਾਂ ਡਾਵਾਂਡੋਲ ਹੁੰਦੀਆਂ ਗਈਆਂ। ਕਦੇ ਡਾਕਟਰਾਂ ਦੀ ਘਾਟ ਆਉਣ ਲੱਗ ਪਈ ਤੇ ਕਦੇ ਮੌਕੇ 'ਤੇ ਮੌਜੂਦ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਵੱਲ ਖਾਸ ਤਵੱਜੋ ਨਹੀਂ ਦਿੱਤੀ ਗਈ। ਹੁਣ ਗਾਇਨੀ ਵਿਭਾਗ ਵਿਚ ਕੁਝ ਮਹਿਲਾ ਡਾਕਟਰਾਂ ਆਪਣੀ ਮਨਮਰਜ਼ੀ ਅਨੁਸਾਰ ਕੰਮ ਕਰਦਿਆਂ ਮਰੀਜ਼ਾਂ ਦਾ ਸ਼ੋਸ਼ਣ ਕਰ ਰਹੀਆਂ ਹਨ।
ਮਾਮਲੇ ਦੀ ਹੋਵੇਗੀ ਜਾਂਚ
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਜਿੰਦਰ ਅਰੋੜਾ ਨੇ ਕਿਹਾ ਕਿ ਮਾਮਲਾ ਕਾਫੀ ਗੰਭੀਰ ਹੈ। ਡਾਕਟਰ ਵੱਲੋਂ ਮਰੀਜ਼ ਨੂੰ ਕਿਉਂ ਦਾਖਲ ਨਹੀਂ ਕੀਤਾ ਗਿਆ, ਭਾਵੇਂ ਉਸ ਨੂੰ ਥਾਈਰਾਈਡ ਹੈ, ਇਹ ਇਕ ਵੱਡਾ ਸਵਾਲ ਹੈ। ਮਾਮਲੇ ਦੀ ਜਾਂਚ ਕਰ ਕੇ ਜੋ ਵੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।


Related News