ਅੰਮ੍ਰਿਤਸਰ ਦੇ ਨਿੱਜੀ ਹੋਟਲ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਕਾਗਜ਼ 'ਤੇ ਲਿਖਿਆ ਮੌਤ ਦਾ ਕਾਰਨ
Monday, Jul 29, 2019 - 01:49 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਇਕ ਨਿੱਜੀ ਹੋਟਲ 'ਚ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਸ਼ੀਸ਼ ਵਾਸੀ ਅੰਬਾਲਾ ਵਜੋਂ ਹੋਈ ਹੈ। ਆਸ਼ੀਸ਼ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਕੰਪਨੀ ਦੇ ਕੰਮ ਲਈ ਅੰਮ੍ਰਿਤਸਰ ਜਾ ਰਿਹਾ ਹੈ ਜਿਥੇ ਉਸ ਨੇ ਬੱਸ ਸਟੈਂਡ ਨੇੜੇ ਇਕ ਹੋਟਲ 'ਚ ਕਮਰਾ ਲਿਆ। ਕੁਝ ਸਮੇਂ ਬਾਅਦ ਜਦੋਂ ਕੰਪਨੀ ਦੇ ਸਟਾਫ ਨੇ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਾ ਆਉਣ 'ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦਰਵਾਜ਼ਾ ਖੋਲ੍ਹ ਕੇ ਦੇਖਿਆ ਗਿਆ ਤਾਂ ਉਨ੍ਹਾਂ ਨੂੰ ਆਸ਼ੀਸ਼ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ ਤੇ ਉਸ ਦੇ ਕੋਲੋਂ ਇਕ ਸੁਸਾਇਡ ਨੋਟ ਪਿਆ ਮਿਲਿਆ। ਮ੍ਰਿਤਕ ਦੇ ਭਰਾ ਮਿਥੁਨ ਨੇ ਦੱਸਿਆ ਕਿ ਆਸ਼ੀਸ਼ ਅੰਬਾਲਾ 'ਚ ਇਕ ਜੁਆਇਡਸ ਹੈਲਥ ਕੇਅਰ ਰਿਪ੍ਰਜੇਂਟਿਟਵ ਵਜੋਂ ਕੰਮ ਕਰਦਾ ਸੀ ਤੇ ਕੰਪਨੀ ਦੇ ਟਾਰਗੇਟ ਪੂਰੇ ਕਰਨ ਲਈ ਉਸ ਨੇ ਲੱਖਾਂ ਦਾ ਕਰਜ਼ ਚੁੱਕਿਆ ਸੀ। ਫਿਰ ਵੀ ਕੰਪਨੀ ਵਲੋਂ ਉਸ 'ਤੇ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੁਸਾਇਡ ਨੋਟ ਦੇ ਆਧਾਰ 'ਤੇ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।