ਪੁੱਤ ਨੂੰ ਲਾਸ਼ਾਂ 'ਚ ਲੱਭਦਾ ਰਿਹਾ ਪਿਤਾ, ਜ਼ਿੰਦਾ ਵੇਖ ਨਾ ਰਿਹਾ ਖੁਸ਼ੀ ਦਾ ਟਿਕਾਣਾ (ਵੀਡੀਓ)
Friday, Oct 26, 2018 - 03:36 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਹੋਏ ਭਿਆਨਕ ਰੇਲ ਹਾਦਸੇ 'ਚ 62 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਇਸ ਹਾਦਸੇ ਨੇ ਕਿੰਨੇ ਹੀ ਮਾਪਿਆਂ ਦੇ ਬੱਚੇ ਖੋਹ ਲਏ। ਹਰ ਪਾਸੇ ਛਾਏ ਮਾਤਮ 'ਚ ਇਕ ਪਿਤਾ ਦੀ ਖੁਸ਼ੀ ਦਾ ਉਸ ਵੇਲੇ ਠਿਕਾਣਾ ਨਾ ਰਿਹਾ ਜਦੋਂ ਉਸ ਨੇ ਆਪਣੇ ਜਿਗਰ ਦੇ ਟੋਟੇ ਨੂੰ ਸਹੀ-ਸਲਾਮਤ ਪਾਇਆ।
ਜਾਣਕਾਰੀ ਮੁਤਾਬਕ ਫੂਲ ਸਿੰਘ ਦਾ ਪੁੱਤਰ ਅਰਸ਼ਦੀਪ 18 ਤਰੀਕ ਨੂੰ ਘਰੋਂ ਕਿਤੇ ਚਲਾ ਗਿਆ ਸੀ। ਅਗਲੇ ਦਿਨ ਅੰਮ੍ਰਿਤਸਰ ਰੇਲ ਹਾਦਸਾ ਹੋ ਗਿਆ। ਫੂਲ ਸਿੰਘ ਨੂੰ ਲੱਗਾ ਕਿ ਉਸ ਨੇ ਇਸ ਹਾਦਸੇ 'ਚ ਆਪਣੇ ਪੁੱਤ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਉਹ ਆਪਣੇ ਪੁੱਤ ਨੂੰ ਕਦੇ ਲਾਸ਼ਾਂ 'ਚ ਤੇ ਕਦੇ ਹਸਪਤਾਲਾਂ 'ਚ ਦਾਖਲ ਜ਼ਖਮੀਆਂ 'ਚ ਲੱਭ ਰਿਹਾ ਸੀ। ਇਸ ਉਪਰੰਤ ਉਨ੍ਹਾਂ ਨੂੰ ਦਿੱਲੀ ਤੋਂ ਅਰਸ਼ਦੀਪ ਸਹੀ-ਸਲਾਮਤ ਮਿਲ ਗਿਆ, ਜਿਸ ਤੋਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
ਫੂਲ ਸਿੰਘ ਨੂੰ ਉਸ ਦੇ ਪੁੱਤ ਨਾਲ ਮਿਲਾਉਣ 'ਚ ਸਮਾਜ ਸੇਵੀ ਮੰਜੂ ਦਾ ਖਾਸ ਯੋਗਦਾਨ ਰਿਹਾ, ਜਿਸ ਦੇ ਦਿੱਲੀ ਦੀ ਇਕ ਸੰਸਥਾ ਕੋਲ ਪਹੁੰਚ ਗਏ ਅਰਸ਼ਦੀਪ ਨੂੰ ਪੂਰੀ ਅਦਾਲਤੀ ਕਾਰਵਾਈ ਤੋਂ ਬਾਅਦ ਵਾਪਸ ਲਿਆਂਦਾ ਹੈ।
ਇਸ ਉਪਰੰਤ ਜਦੋਂ ਬੱਚੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਮਿਲਣ ਲਈ ਪਿੰਡ ਇਟਾਵਾ ਗਿਆ ਜਾ ਰਿਹਾ ਸੀ ਪਰ ਅੱਗੇ ਤੋਂ ਅਜਿਹੀ ਗਲਤੀ ਕਦੇ ਨਹੀਂ ਕਰੇਗਾ।
