ਟੈਕਸੀ ਡਰਾਈਵਰ ਦੀ ਬੇਰਹਿਮੀ ਨਾਲ ਹੱਤਿਆ
Friday, May 31, 2019 - 12:49 PM (IST)

ਅੰਮ੍ਰਿਤਸਰ (ਗੁਰਪ੍ਰੀਤ) : ਥਾਣਾ ਗੇਟ ਹਕੀਮਾਂ ਅਧੀਨ ਪੈਂਦੇ ਖੇਤਰ ਫਤਿਹ ਸਿੰਘ ਕਾਲੋਨੀ 'ਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇਲਾਕੇ ਦੀ ਦੁਸਹਿਰਾ ਗਰਾਊਂਡ 'ਚ ਇਕ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਕਤਲ ਕੀਤੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੇ ਹੱਥ ਬੰਨ੍ਹੇ ਹੋਏ ਸਨ ਅਤੇ ਗਲ਼ੇ 'ਤੇ ਵੀ ਨਿਸ਼ਾਨ ਪਾਏ ਗਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਤੇ ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ ਸਮੇਤ ਪੁਲਸ ਦੇ ਹੋਰ ਅਧਿਕਾਰੀ ਅਤੇ ਥਾਣਾ ਗੇਟ ਹਕੀਮਾਂ ਦੀ ਪੁਲਸ ਮੌਕੇ 'ਤੇ ਪੁੱਜ ਗਈ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਚਾਟੀਵਿੰਡ ਵਜੋਂ ਹੋਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਪੇਸ਼ੇ ਵਜੋਂ ਟੈਕਸੀ ਡਰਾਈਵਰ ਸੀ ਅਤੇ ਕਿਸੇ ਕਲਚਰਲ ਗਰੁੱਪ ਦੇ ਕਲਾਕਾਰਾਂ ਨਾਲ ਟੈਕਸੀ ਚਲਾਉਂਦਾ ਸੀ।
ਮ੍ਰਿਤਕ ਹਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿਛਲੇ 2 ਦਿਨਾਂ ਤੋਂ ਘਰ ਨਹੀਂ ਸੀ ਪੁੱਜਾ, ਇਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਪੱਧਰ 'ਤੇ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਹਰਪਾਲ ਸਿੰਘ ਦੇ ਫਤਿਹ ਸਿੰਘ ਕਾਲੋਨੀ ਵਾਸੀ ਕਲਚਰਲ ਗਰੁੱਪ ਦੀ ਇਕ ਡਾਂਸਰ ਨਾਲ ਨਾਜਾਇਜ਼ ਸਬੰਧ ਸਨ ਅਤੇ ਇਸ ਲੜਕੀ ਵੱਲੋਂ ਹੀ ਉਨ੍ਹਾਂ ਦੇ ਲੜਕੇ ਦਾ ਕਤਲ ਕਰਵਾਇਆ ਗਿਆ ਹੈ। ਅੱਜ ਸਵੇਰੇ ਉਸ ਦੀ ਭੇਤਭਰੀ ਹਾਲਤ 'ਚ ਕਤਲ ਕੀਤੀ ਲਾਸ਼ ਫਤਿਹ ਸਿੰਘ ਕਾਲੋਨੀ ਦੀ ਦੁਸਹਿਰਾ ਗਰਾਊਂਡ 'ਚੋਂ ਮਿਲਣ ਦੀ ਉਨ੍ਹਾਂ ਨੂੰ ਇਤਲਾਹ ਮਿਲੀ ਸੀ। ਪਰਿਵਾਰਕ ਮੈਂਬਰਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਉਨ੍ਹਾਂ ਦੇ ਲੜਕੇ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਬਿਨਾਂ ਦੇਰੀ ਬੇਪਰਦ ਕਰ ਕੇ ਹੱਕੀ ਇਨਸਾਫ ਦਿਵਾਉਣ ਬਾਰੇ ਕਿਹਾ।
ਸ਼ੱਕ ਦੇ ਆਧਾਰ 'ਤੇ ਲੜਕੀ ਖਿਲਾਫ ਮਾਮਲਾ ਦਰਜ
ਡੀ. ਸੀ. ਪੀ. ਜਾਂਚ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਫਤਿਹ ਸਿੰਘ ਕਾਲੋਨੀ ਵਾਸੀ ਲੜਕੀ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਸ ਦੇ ਹੱਥ ਕਤਲ ਨਾਲ ਸਬੰਧਤ ਕੁਝ ਅਹਿਮ ਸੁਰਾਗ ਲੱਗੇ ਹਨ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ। ਕਤਲ ਦੀ ਇਸ ਗੁੱਥੀ ਨੂੰ ਬਿਨਾਂ ਦੇਰੀ ਸੁਲਝਾਉਣ ਲਈ ਪੁਲਸ ਵੱਲੋਂ ਵਿਸ਼ੇਸ਼ ਟੀਮ ਗਠਿਤ ਕੀਤੀ ਜਾ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੱਤਿਆਰੇ ਜਲਦ ਹੀ ਬੇਪਰਦ ਹੋਣਗੇ।