ਅੰਮ੍ਰਿਤਸਰ ਜੇਲ੍ਹ ’ਚ ਸ਼ੱਕੀ ਹਾਲਤ ’ਚ ਕੈਦੀ ਦੀ ਮੌਤ, ਗੁੱਸੇ ’ਚ ਆਏ ਪਰਿਵਾਰ ਨੇ ਕੀਤਾ ਜ਼ਬਰਦਸਤ ਹੰਗਾਮਾ (ਵੀਡੀਓ)
Sunday, Nov 21, 2021 - 04:39 PM (IST)
ਅੰਮ੍ਰਿਤਸਰ (ਸੁਮਿਤ ਖੰਨਾ)-ਅੰਮ੍ਰਿਤਸਰ ਜੇਲ੍ਹ ’ਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਜੇਲ੍ਹ ’ਚ ਬੰਦ ਕੈਦੀ ਜੋਬਨਪ੍ਰੀਤ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਇਸ ਦੌਰਾਨ ਜਦੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਗੁੱਸੇ ’ਚ ਆ ਕੇ ਜੇਲ੍ਹ ਦਾ ਗੇਟ ਤੋੜ ਦਿੱਤਾ ਤੇ ਜੇਲ੍ਹ ਦੇ ਅੰਦਰ ਜਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਇਲਜ਼ਾਮ ਲਾਏ ਕਿ ਜੋਬਨਪ੍ਰੀਤ ਦੀ ਮੌਤ ਚਾਰ ਦਿਨ ਪਹਿਲਾਂ ਹੋ ਗਈ ਸੀ ਪਰ ਉਨ੍ਹਾਂ ਨੇ ਸਾਨੂੰ ਅੱਜ ਦੱਸਿਆ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਉਸ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਕਾਨੂੰਨ ਰੱਦ ਕਰਨ ਦਾ ਐਲਾਨ ਜਿੰਨਾ ਚਿਰ ਹਕੀਕਤ ’ਚ ਨਹੀਂ ਬਦਲਦਾ, ਓਨਾ ਚਿਰ ਰਹਿਣਾ ਪਵੇਗਾ ਚੌਕਸ : CM ਚੰਨੀ
ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਜੇਲ੍ਹ ਦੇ ਬਾਹਰ ਰੱਖਿਆ ਤੇ ਜੇਲ੍ਹ ਪ੍ਰਸ਼ਾਸਨ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਬੱਚੇ ਦਾ ਕਤਲ ਕੀਤਾ ਹੈ। ਦਰਅਸਲ, ਜੋਬਨਪ੍ਰੀਤ ਨਸ਼ੇ ਦੇ ਇਕ ਮਾਮਲੇ ’ਚ ਜੇਲ੍ਹ ’ਚ ਬੰਦ ਸੀ। ਉਨ੍ਹਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੌਤ ਤੋਂ ਬਾਅਦ ਸਾਨੂੰ ਸੂਚਨਾ ਦਿੱਤੀ ਗਈ, ਜਦੋਂ ਉਸ ਦੀ ਤਬੀਅਤ ਖਰਾਬ ਸੀ, ਉਦੋਂ ਕੁਝ ਨਹੀਂ ਦੱਸਿਆ ਗਿਆ। ਇਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਇਨਸਾਫ ਦੀ ਮੰਗ ਕੀਤੀ।