ਜਲਿਆਂਵਾਲਾ ਬਾਗ ਬਾਰੇ ਸ਼ਵੇਤ ਮਲਿਕ ਨੇ ਗ੍ਰਹਿ ਮੰਤਰੀ ਨਾਲ ਕੀਤੀ ਖਾਸ ਗੱਲਬਾਤ

11/09/2018 2:31:21 PM

ਅੰਮ੍ਰਿਤਸਰ (ਮਹਿੰਦਰ) : ਦੇਸ਼ ਦੇ ਇਤਿਹਾਸਕ ਅਤੇ ਸ਼ਹੀਦੀ ਸਮਾਰਕ ਜਲਿਆਂਵਾਲਾ ਬਾਗ ਦੀ ਤਰਸਯੋਗ ਹਾਲਤ 'ਚ ਸੁਧਾਰ ਲਿਆਉਣ ਤੇ ਵਿਕਾਸ ਕਾਰਜ ਕਰਵਾਉਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀਰਵਾਰ ਨੂੰ ਦਿੱਲੀ 'ਚ ਵਿਸ਼ੇਸ਼ ਅਤੇ ਮਹੱਤਵਪੂਰਨ ਬੈਠਕ ਕੀਤੀ ਗਈ,  ਜਿਸ ਵਿਚ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ, ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਡਾ. ਮਹੇਸ਼ ਵਰਮਾ, ਇਲੈਕਟ੍ਰੋਨਿਕ ਤੇ ਟੈਕਨੀਕਲ ਮੰਤਰੀ ਐੱਸ. ਐੱਸ. ਆਹਲੂਵਾਲੀਆ ਤੋਂ ਇਲਾਵਾ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਵੱਲੋਂ ਜਲਿਆਂਵਾਲਾ ਬਾਗ ਟਰੱਸਟ ਦੇ ਬਣਾਏ ਗਏ 3 ਟਰੱਸਟੀਆਂ 'ਚੋਂ ਸੰਸਦ ਮੈਂਬਰ ਅਤੇ ਭਾਜਪਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਮੀਟਿੰਗ 'ਚ ਮਲਿਕ ਨੇ ਦੇਸ਼ ਦੇ ਇਤਿਹਾਸਕ ਅਤੇ ਸ਼ਹੀਦੀ ਸਮਾਰਕ ਜਲਿਆਂਵਾਲਾ ਬਾਗ ਦੀ ਤਰਸਯੋਗ ਹਾਲਤ 'ਚ ਸੁਧਾਰ ਲਿਆਉਣ ਦੇ ਨਾਲ-ਨਾਲ ਉਥੇ ਆਧੁਨਿਕ ਵਿਕਾਸ ਕਰਵਾਉਣ ਲਈ ਕਈ ਮਹੱਤਵਪੂਰਨ ਮੁੱਦੇ ਚੁੱਕੇ। ਇਸ ਸਬੰਧੀ ਮਲਿਕ ਨੇ ਦੱਸਿਆ ਕਿ ਬੈਠਕ ਵਿਚ ਇਹ ਫੈਸਲਾ ਕੀਤਾ ਗਿਆ ਹੈ ਕਿ ਜਲਿਆਂਵਾਲਾ ਬਾਗ 'ਚ ਸਾਰੇ ਤਰ੍ਹਾਂ ਦੇ ਵਿਕਾਸ ਕਾਰਜ ਟਰੱਸਟ ਦੇ ਜ਼ਰੀਏ ਹੀ ਕਰਵਾਏ ਜਾਣਗੇ।  

ਸ੍ਰੀ ਹਰਿਮੰਦਰ ਸਾਹਿਬ ਵਾਂਗ ਦੇਰ ਸ਼ਾਮ ਤੱਕ ਖੁੱਲ੍ਹੇ ਜਲਿਆਂਵਾਲਾ ਬਾਗ
ਮਲਿਕ ਨੇ ਕਿਹਾ ਕਿ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਤੇ ਸੈਲਾਨੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ ਤਾਂ ਉਹ ਇਤਿਹਾਸਕ ਤੇ ਸ਼ਹੀਦੀ ਸਮਾਰਕ ਜਲਿਆਂਵਾਲਾ ਬਾਗ ਵੀ ਦੇਖਣ ਪਹੁੰਚਦੇ ਹਨ। ਉਨ੍ਹਾਂ  ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤਾਂ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਦਰਸ਼ਨਾਂ ਲਈ ਖੁੱਲ੍ਹਾ ਰਹਿੰਦਾ ਹੈ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦਾ ਇਹ ਇਤਿਹਾਸਕ ਅਤੇ ਸ਼ਹੀਦੀ ਸਮਾਰਕ ਸ਼ਾਮ 5 ਵਜੇ ਹੀ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਕਈ ਸੈਲਾਨੀ ਤੇ ਸ਼ਰਧਾਲੁ ਅਜਿਹੀ ਹਾਲਤ 'ਚ ਜਲਿਆਂਵਾਲਾ ਬਾਗ ਦੇਖ ਹੀ ਨਹੀਂ ਸਕਦੇ, ਜੋ ਕਿ ਕਦੇ ਵੀ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸ੍ਰੀ ਹਰਿਮੰਦਰ ਸਾਹਿਬ ਦਾ ਦੁਆਰ ਸ਼ਰਧਾਲੂਆਂ ਲਈ ਖੁੱਲ੍ਹਾ ਰਹਿੰਦਾ ਹੈ, ਓਨੀ ਦੇਰ ਤੱਕ ਦੇਸ਼ ਦੇ ਇਸ ਇਤਿਹਾਸਕ ਤੇ ਸ਼ਹੀਦੀ ਸਮਾਰਕ ਦਾ ਦੁਆਰ ਵੀ ਖੁੱਲ੍ਹਾ ਰਹਿਣਾ ਚਾਹੀਦਾ ਹੈ, ਜਿਸ ਨਾਲ ਇਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਹੋਰ ਵੀ ਵਾਧਾ ਹੋਵੇਗਾ।  


ਰੀਟ੍ਰੀਟ ਸੈਰੇਮਨੀ ਦੀ ਤਰ੍ਹਾਂ ਦੇਸ਼ ਭਗਤੀ ਦੀ ਭਾਵਨਾ ਨਹੀਂ ਦਿਸਦੀ
ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਨੀ  ਨੇ ਜਿਸ ਤਰ੍ਹਾਂ ਅਟਾਰੀ ਸਰਹੱਦ 'ਤੇ ਰੀਟ੍ਰੀਟ ਸੈਰੇਮਨੀ ਦਾ ਆਯੋਜਨ ਕਰਵਾਉਣ ਦਾ ਪ੍ਰਬੰਧ ਕਰਵਾ ਕੇ ਦੇਸ਼ ਦੇ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ  ਪੈਦਾ ਕੀਤੀ ਸੀ ਤੇ ਅੱਜ ਵੀ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀ ਰੀਟ੍ਰੀਟ ਸੈਰੇਮਨੀ ਦੇਖ ਕੇ ਦੇਸ਼ ਭਗਤੀ ਦੀ ਭਾਵਨਾ ਵਿਚ ਡੁੱਬ ਜਾਂਦੇ ਹਨ, ਅਜਿਹੀ ਦੇਸ਼ ਭਗਤੀ ਦੀ ਭਾਵਨਾ ਦੇਸ਼ ਦੇ ਇਤਿਹਾਸਕ ਅਤੇ ਸ਼ਹੀਦੀ ਥਾਂ ਜਲਿਆਂਵਾਲਾ ਬਾਗ 'ਚ ਨਹੀਂ ਦਿਖਾਈ ਦਿੰਦੀ। ਇਸ ਲਈ ਇਸ ਸ਼ਹੀਦੀ ਸਮਾਰਕ ਵਿਚ ਅਜਿਹੇ ਪ੍ਰਬੰਧ ਹੋਣੇ ਚਾਹੀਦੇ ਹਨ, ਜਿਸ ਨਾਲ ਦੇ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਵਿਚ ਵੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ।


Related News