ਸਰੂਪਾਂ ਦੀ ਬੇਅਦਬੀ ਦੇ ਮਾਮਲੇ 'ਚ ਮੁਅੱਤਲੀ ਜਾਂ ਬਰਖ਼ਾਸਤਗੀ ਤੋਂ ਬਾਅਦ ਦੋਸ਼ੀਆਂ ਨੂੰ ਮਿਲਣਗੀਆਂ ਸਜਾਵਾਂ?

Saturday, Oct 10, 2020 - 03:50 PM (IST)

ਸਰੂਪਾਂ ਦੀ ਬੇਅਦਬੀ ਦੇ ਮਾਮਲੇ 'ਚ ਮੁਅੱਤਲੀ ਜਾਂ ਬਰਖ਼ਾਸਤਗੀ ਤੋਂ ਬਾਅਦ ਦੋਸ਼ੀਆਂ ਨੂੰ ਮਿਲਣਗੀਆਂ ਸਜਾਵਾਂ?

ਅੰਮ੍ਰਿਤਸਰ(ਅਨਜਾਣ) : ਖੁਰਦ-ਬੁਰਦ ਹੋਏ 328 ਪਾਵਨ ਸਰੂਪਾਂ ਦਾ ਮਸਲਾ ਉਲਝਦਾ ਜਾ ਰਿਹਾ ਹੈ। ਇਕ ਪਾਸੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀਆਂ ਸਤਿਕਾਰ ਕਮੇਟੀਆਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੇ ਬਾਰਹ ਧਰਨੇ 'ਤੇ ਬੈਠੀਆਂ ਜਥੇਬੰਦੀਆਂ ਦੇ ਨਾਲ ਵਿਰੋਧੀ ਪਾਰਟੀਆਂ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕਰ ਰਹੀਆਂ ਹਨ ਤੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਕਹਿ ਰਹੇ ਨੇ ਕਿ ਦੋਸ਼ੀਆਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਗਈ ਹੈ। ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਵੀ ਆਪਣੇ ਦਸਤਖ਼ਤਾਂ ਹੇਠ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਲਿਖ ਕੇ ਕਿਹਾ ਗਿਆ ਸੀ ਕਿ ਜੇਕਰ 18 ਅਕਤੂਬਰ ਤੱਕ ਜਾਂਚ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਕੀਤੀ ਜਾਂਦੀ ਤਾਂ ਉਹ ਖੁਦ ਕਾਨੂੰਨੀ ਕਾਰਵਾਈ ਕਰਨਗੇ। ਉਸ ਤੋਂ ਬਾਅਦ ਤਕਰੀਬਨ ਇਕ ਹਜ਼ਾਰ ਸਫ਼ਿਆਂ ਦੀ ਰਿਪੋਰਟ ਜਨਤਕ ਵੀ ਕਰ ਦਿੱਤੀ ਗਈ। ਹੁਣ ਜਾਨਣਾ ਇਹ ਹੈ ਕਿ ਕੀ ਮੁਅੱਤਲੀ ਜਾਂ ਬਰਖ਼ਾਸਤਗੀ ਤੋਂ ਬਾਅਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਜਾਇਜ ਨੇ! ਇਸ ਬਾਰੇ ਜਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਤਿਕਾਰ ਕਮੇਟੀਆਂ, ਜਥੇਬੰਦੀਆਂ ਤੇ ਵਿਰੋਧੀ ਪਾਰਟੀਆਂ ਨਾਲ ਜਗਬਾਣੀ/ਪੰਜਾਬ ਕੇਸਰੀ ਨੇ ਵਿਸ਼ੇਸ਼ ਮੁਲਾਕਾਤ ਕਰਕੇ ਮਸਲੇ ਦੇ ਹੱਲ ਬਾਰੇ ਗੱਲ ਕੀਤੀ ਹੈ। 

ਇਹ ਵੀ ਪੜ੍ਹੋ : ਕਲਯੁੱਗੀ ਪਤਨੀ ਦੀ ਘਿਨੌਣੀ ਕਰਤੂਤ, ਪਤੀ ਨੂੰ ਜ਼ਹਿਰ ਦੇ ਕੇ ਪ੍ਰੇਮੀ ਨਾਲ ਹੋਈ ਰਫੂਚੱਕਰ

ਸਿਰ ਦੇ ਦੇਵਾਂਗੇ ਪਰ ਗੁਰੂ ਦੋਖੀਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਪਿੱਛੇ ਨਹੀਂ ਹਟਾਂਗੇ : ਸਤਿਕਾਰ ਕਮੇਟੀਆਂ 
ਇਸ ਸਬੰਧੀ ਜਦ ਸਤਿਕਾਰ ਕਮੇਟੀਆਂ ਦੇ ਕੁਝ ਆਗੂਆਂ ਬਲਬੀਰ ਸਿੰਘ ਮੁੱਛਲ, ਬੀਬੀ ਮਨਿੰਦਰ ਕੌਰ, ਸੁਖਜੀਤ ਸਿੰਘ ਖੋਸਾ ਆਦਿ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਰ ਦੇ ਦੇਵਾਂਗੇ ਪਰ ਗੁਰੂ ਦੋਖੀਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਪਿੱਛੇ ਨਹੀਂ ਹਟਾਂਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ।

'ਪਾਵਨ ਸਰੂਪਾਂ' ਦੀ ਬੇਅਦਬੀ ਨਹੀਂ ਹੋਈ : ਲੌਂਗੋਵਾਲ                                                                                        
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨਹੀਂ ਹੋਈ। ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਆਪਣੇ ਲਾਲਚ ਵੱਸ ਸਰੂਪਾਂ ਦੀ ਭੇਟਾ ਆਪਣੀ ਜੇਬ•'ਚ ਪਾ ਕੇ ਉਸਦਾ ਰਿਕਾਰਡ ਖੁਰਦ-ਬੁਰਦ ਕਰ ਦਿੱਤਾ। ਇਸ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਾਡੇ ਪ੍ਰਚਾਰਕ ਸਰੂਪਾਂ ਦੀ ਭਾਲ ਕਰ ਰਹੇ ਨੇ ਕਿ ਉਹ ਕਿੱਥੇ ਨੇ! ਉਨ੍ਹਾਂ ਕਿਹਾ ਕਿ ਸਾਡੇ ਵਲੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇ ਕੇ ਉਨ੍ਹਾਂ ਨੂੰ ਮੁਅੱਤਲ ਤੇ ਬਰਖ਼ਾਸਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਯੂ-ਟਰਨ ਤਾਂ ਲਿਆ ਗਿਆ ਕਿਉਂਕਿ ਸਾਨੂੰ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਦੇ ਫ਼ੋਨ ਆਏ ਤੇ ਲਿਖਤੀ ਵੀ ਭੇਜਿਆ ਗਿਆ ਕਿ ਕਿਸੇ 'ਤੇ ਵੀ ਮੁਕੱਦਮਾ ਨਾ ਕੀਤਾ ਜਾਵੇ। ਸਰਕਾਰ ਤੇ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ। ਬਰਗਾੜੀ ਕਾਂਡ ਨੂੰ ਪੰਜ ਸਾਲ ਹੋ ਗਏ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਪਟਿਆਲੇ ਦੇ ਇਕ ਪਿੰਡ 'ਚੋਂ ਜੋ ਇਤਿਹਾਸਕ ਸਰੂਪ ਚੋਰੀ ਹੋ ਗਿਆ ਹਾਲੇ ਤੱਕ ਪਤਾ ਨਹੀਂ ਲੱਗਾ। ਧਰਨੇ 'ਤੇ ਬੈਠੀਆਂ ਸਤਿਕਾਰ ਕਮੇਟੀਆਂ ਦੇ ਪਿੱਛੇ ਕੋਈ ਸਿਆਸੀ ਸ਼ਕਤੀ ਕੰਮ ਕਰ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ ਜਿਹੇ ਪਵਿੱਤਰ ਅਸਥਾਨ 'ਤੇ ਧਰਨੇ ਲਗਾਉਣਾ, ਰੋਸ ਮੁਜ਼ਾਹਰੇ ਕਰਨਾ ਤੇ ਮੰਦੀ ਸ਼ਬਦਾਵਲੀ ਬੋਲਣਾ ਸ਼ੋਭਾ ਨਹੀਂ ਦਿੰਦਾ। ਸਭ ਤੋਂ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਹੈ।

ਇਹ ਵੀ ਪੜ੍ਹੋ : ਮਰੀ ਹੋਈ ਧੀ ਨੂੰ ਇਨਸਾਫ਼ ਨਹੀਂ ਦਵਾ ਸਕਿਆ ਬਜ਼ੁਰਗ ਜੋੜਾ, ਦੁਖ 'ਚ ਖ਼ੁਦ ਵੀ ਦੁਨੀਆ ਨੂੰ ਕਿਹਾ ਅਲਵਿਦਾ

ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਪਰ ਪਾਵਨ ਸਰੂਪ ਕਿੱਥੇ ਨੇ! : ਖ਼ਾਲਸਾ
ਉਘੇ ਸਿੱਖ ਚਿੰਤਕ ਤੇ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਨੇ ਕਿਹਾ ਇਹ ਠੀਕ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਅਦਾਲਤ ਹੈ ਤੇ ਇਸ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਹੈ ਪਰ ਡਾ. ਈਸ਼ਰ ਸਿੰਘ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਜੇਕਰ 328 ਸਰੂਪਾਂ ਬਾਰੇ ਰਿਕਾਰਡ ਨਹੀਂ ਪਤਾ ਲੱਗ ਸਕਿਆ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਪੁੱਛਿਆ ਕਿ ਪਾਵਨ ਸਰੂਪ ਕਿੱਥੇ ਨੇ ਤੇ ਕਿਸਦੇ ਕਹਿਣ ਤੇ ਕਿਸ ਨੂੰ ਦਿੱਤੇ ਨੇ! 

ਸ਼੍ਰੋਮਣੀ ਕਮੇਟੀ ਨੂੰ ਹੀ ਬਦਲ ਦਿੱਤਾ ਜਾਵੇ ਤਾਂ ਜੋ ਖਹਿੜਾ ਛੁੱਟੇ : ਸਖ਼ੀਰਾ
ਸਰਬੱਤ ਖ਼ਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖ਼ੀਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਲਈ ਮੁਕੱਦਮੇ ਦਰਜ ਨਹੀਂ ਕਰ ਰਹੀ ਕਿਉਂਕਿ ਇਸ ਸਕੈਂਡਲ 'ਚ ਬਾਦਲ ਪਰਿਵਾਰ ਸਮੇਤ ਵੱਡੇ-ਵੱਡੇ ਪ੍ਰਬੰਧਕ ਤੇ ਅਧਿਕਾਰੀ ਫ਼ਸਦੇ ਹਨ, ਜਿਨ੍ਹਾਂ 'ਤੇ ਮੁਕੱਦਮੇ ਦਰਜ ਕਰਨੇ ਸਨ। ਉਨ੍ਹਾਂ ਕਿਹਾ ਹੈ ਕਿ ਅਸੀਂ ਅਦਾਲਤ 'ਚ ਜਾ ਕੇ ਸੱਚ ਦੱਸਾਂਗੇ ਕਿ ਕਿਸ-ਕਿਸ ਨੇ ਪਾਵਨ ਸਰੂਪ ਭੇਜਣ ਲਈ ਚਿੱਟਾਂ ਦਿੱਤੀਆਂ ਤੇ ਕਿੱਥੇ-ਕਿੱਥੇ ਗਏ। ਪਬਲੀਕੇਸ਼ਨ ਵਿਭਾਗ ਦੇ ਬਾਹਰ ਪਹਿਰਾ ਇੰਨਾਂ ਸਖ਼ਤ ਹੈ ਕਿ ਕੋਈ ਵੀ ਪਾਵਨ ਸਰੂਪ ਬਿਨਾਂ ਕਿਸੇ ਰਿਕਾਰਡ ਦੇ ਬਾਹਰ ਨਹੀਂ ਜਾ ਸਕਦਾ। ਸ਼੍ਰੋਮਣੀ ਕਮੇਟੀ ਆਪਣੀ ਨਲਾਇਕੀ ਨੂੰ ਛੁਪਾਉਣ ਤੇ ਸੱਚਾਈ ਨੂੰ ਦਬਾਉਣ ਲਈ ਕੁਝ ਵੀ ਕਹਿ ਸਕਦੀ ਹੈ। ਕਿਸੇ ਵੀ ਪਿੰਡ 'ਚ ਚਾਰ-ਚਾਰ, ਪੰਜ-ਪੰਜ ਗੁਰਦੁਆਰੇ ਨੇ ਤੇ ਹਰ ਗੁਰਦੁਆਰੇ 'ਚ ਚਾਰ ਪੰਜ ਸਰੂਪ ਮਿਲ ਹੀ ਜਾਂਦੇ ਨੇ ਜਿੱਥੇ ਇਨਾਂ ਦੀ ਚੱਲਦੀ ਹੈ ਉਥੋਂ ਨੋਟ ਕਰ ਰਹੇ ਨੇ ਪਰ ਉਹ ਸਰੂਪ ਪੁਰਾਣੇ ਨੇ ਹੁਣ ਦੇ ਨਹੀਂ। ਕਈ ਪਿੰਡਾਂ ਨੇ ਤਾਂ ਸ਼੍ਰੋਮਣੀ ਕਮੇਟੀ ਪ੍ਰਚਾਰਕਾਂ ਨੂੰ ਪਿੰਡ 'ਚ ਦਾਖ਼ਲ ਹੀ ਨਹੀਂ ਹੋਣ ਦਿੱਤਾ। ਸਾਰੇ ਪਵਾੜੇ ਦੀ ਜੜ੍ਹ ਸ਼੍ਰੋਮਣੀ ਕਮੇਟੀ ਹੈ। ਇਸੇ ਨੂੰ ਬਦਲ ਕੇ ਨਵੇਂ ਸਿਰੇ ਤੋਂ ਚੋਣ ਕੀਤੀ ਜਾਵੇ ਤਾਂ ਜੋ ਇਨ੍ਹਾਂ ਤੋਂ ਖਹਿੜਾ ਛੁੱਟੇ। 

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ

ਦੋਸ਼ੀਆਂ 'ਤੇ ਖ਼ੁਦ ਪਰਚੇ ਕਟਾਵਾਂਗੇ : ਹਰਬੀਰ ਸਿੰਘ ਸੰਧੂ
ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਈਮਾਨ ਸਿੰਘ ਮਾਨ ਨਾਲ ਹੋਈ ਗੱਲਬਾਤ ਅਨੁਸਾਰ ਅੰਮ੍ਰਿਤਸਰ ਅਕਾਲੀ ਦਲ ਦੇ ਮੀਡੀਆ ਸਕੱਤਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਦੋਸ਼ੀਆਂ 'ਤੇ ਫ਼ੌਜਦਾਰੀ ਮੁਕੱਦਮੇ ਦਰਜ ਕਰਨ ਬਾਰੇ ਬਿਆਨ ਦੇਣ ਤੋਂ ਬਾਅਦ ਯੂ-ਟਰਨ ਲੈਣਾ ਸੰਗਤਾਂ ਦੇ ਮਨਾ 'ਚ ਖ਼ਦਸ਼ਾ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਦਸਤਾਵੇਜ ਇਕੱਠੇ ਕਰ ਰਹੇ ਹਾਂ। 10-15 ਦਿਨਾਂ ਦੇ ਅੰਦਰ-ਅੰਦਰ ਅਕਾਲੀ ਦਲ ਅੰਮ੍ਰਿਤਸਰ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਹਰ ਸ਼ਹਿਰ ਦੇ ਥਾਣੇ 'ਚ ਦੋਸ਼ੀਆਂ ਖ਼ਿਲਾਫ਼ ਪਰਚੇ ਦਰਜ ਕਰਵਾ ਕੇ ਉਨ੍ਹਾਂ ਨੂੰ ਕਟਹਿਰੇ 'ਚ ਖੜ੍ਹਾ ਕਰਕੇ ਸੰਗਤਾਂ ਨੂੰ ਇਨਸਾਫ਼ ਦਿਵਾਏਗਾ।

ਜਥੇਦਾਰ ਮੂਕ ਦਰਸ਼ਨ ਬਣ ਕੇ ਦੇਖਣ ਦੀ ਬਜਾਏ ਆਦੇਸ਼ ਦੇਣ- ਡਾ: ਬਲਜਿੰਦਰ ਸਿੰਘ  
ਜਿਹੜੇ ਅਧਿਕਾਰੀਆਂ ਜਾਂ ਦੋਸ਼ੀਆਂ ਨੇ ਗਲਤੀਆਂ ਕੀਤੀਆਂ ਨੇ ਉਨ੍ਹਾਂ ਦੀ ਜਾਂਚ ਰਿਪੋਰਟ 'ਚ ਕੁਝ ਗੱਲਾਂ ਵਿਭਾਗੀ ਨੇ ਤੇ ਕੁਝ ਲਾਅ ਐਂਡ ਆਰਡਰ ਦੀਆਂ ਵੀ ਹਨ। ਡਾ. ਈਸ਼ਰ ਸਿੰਘ ਦੀ ਜਾਂਚ ਰਿਪੋਰਟ ਇਹ ਕਹਿ ਰਹੀ ਹੈ ਕਿ 328 ਪਾਵਨ ਸਰੂਪ ਕਿੱਥੇ ਨੇ! ਇਸਦਾ ਮਤਲਬ ਇਹ ਕਿ ਜਾਂਚ ਅਧਿਕਾਰੀ ਕੋਲ ਸਿਰਫ਼ ਜਾਂਚ ਕਰਨ ਦਾ ਅਧਿਕਾਰ ਸੀ ਉਹ ਇਨਵੈਸਟੀਗੇਸ਼ਨ ਨਹੀਂ ਕਰ ਸਕਿਆ। ਫੇਰ ਜਾਂ ਤਾਂ ਸ਼੍ਰੋਮਣੀ ਕਮੇਟੀ ਦੋਸ਼ੀਆਂ ਕੋਲੋਂ ਇਹ ਪੁੱਛ ਕੇ ਸੰਗਤ ਨੂੰ ਜਵਾਬ ਦੇਵੇ ਕਿ ਸਰੂਪ ਕਿੱਥੇ ਨੇ ਜਾਂ ਫੇਰ ਉਨ੍ਹਾਂ 'ਤੇ ਧਾਰਾ 120-ਬੀ (ਛੜਯੰਤਰ), ਧਾਰਾ 420 (ਹੇਰਾਫੇਰੀ) ਤੇ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਜਿਹੇ ਮੁਕੱਦਮੇ ਦਰਜ ਕਰਵਾਏ। ਜੇਕਰ ਕੰਵਲਜੀਤ ਸਿੰਘ ਨੇ ਕਿਹਾ ਸੀ ਕਿ ਉਸ ਕੋਲ ਪਰਚੀਆਂ ਹਨ ਕਿ ਕਿਸਨੇ ਕਿੰਨੇ-ਕਿੰਨੇ ਪਾਵਨ ਸਰੂਪ ਕਿਸ ਨੂੰ ਦਿਵਾਏ ਉਹ ਪਰਚੀਆਂ ਜਨਤਕ ਕਿਉਂ ਨਹੀਂ ਕੀਤੀਆਂ ਗਈਆਂ, ਉਹ ਪਰਚੀਆਂ ਕਿੱਥੇ ਹਨ। ਅਸਲ 'ਚ ਸ਼੍ਰੋਮਣੀ ਕਮੇਟੀ ਮੁਕੱਦਮੇ ਇਸ ਲਈ ਦਰਜ ਨਹੀਂ ਕਰਵਾ ਰਹੀ ਕਿ ਉਸ 'ਚ ਡਾ. ਰੂਪ ਸਿੰਘ ਵਰਗੇ ਉੱਚ ਅਧਿਕਾਰੀ, ਲੌਂਗੋਵਾਲ ਖੁਦ ਤੇ ਸਿਆਸਤਦਾਨ ਵੀ ਆਉਂਦੇ ਹਨ। ਗੱਲ ਤਾਂ ਮੁੱਕਦੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮੂਕ ਦਰਸ਼ਕ ਬਣਕੇ ਦੇਖਣ ਦੀ ਬਜਾਏ ਖ਼ੁਦ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦੇਣ ਕਿ ਉਹ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਏ ਜਾਂ ਫੇਰ ਜੋ ਧਰਨਾਕਾਰੀ ਬੈਠੇ ਨੇ ਉਨ੍ਹਾਂ ਤੇ ਸ਼੍ਰੋਮਣੀ ਕਮੇਟੀ ਦੀ ਇਕ ਬੈਠਕ ਬੁਲਵਾ ਕੇ ਮਸਲਾ ਸੁਲਝਾਇਆ ਜਾਣਾ ਚਾਹੀਦਾ ਸੀ। ਜਦ ਜਾਂਚ ਅਧਿਕਾਰੀ ਆਪਣੀ ਰਿਪੋਰਟ 'ਚ ਇਹ ਕਹਿ ਰਿਹਾ ਹੈ ਕਿ ਸਰੂਪ ਲਾਪਤਾ ਨੇ ਤੇ ਉਨ੍ਹਾਂ ਦੀ ਬੇਅਦਬੀ ਹੋਈ ਹੈ ਫਿਰ ਲੌਂਗੋਵਾਲ ਕਿਵੇਂ ਮੁੱਕਰ ਰਹੇ ਨੇ! ਇਹ ਸਿਰਫ਼ ਕੌਮ ਦੀਆਂ ਅੱਖਾਂ 'ਚ ਘੱਟਾ ਪਾਇਆ ਗਿਆ ਹੈ, ਕੌਮ ਨਾਲ ਧੋਖਾ ਕੀਤਾ ਗਿਆ ਹੈ।


author

Baljeet Kaur

Content Editor

Related News