ਸ਼ਾਲ ਵਪਾਰੀ ਦੀ ਖੁਦਕੁਸ਼ੀ ਮਾਮਲੇ 'ਚ 16 ਮੁਲਜ਼ਮਾਂ 'ਚੋਂ 10 ਦੀ ਅਗਾਊਂ ਜ਼ਮਾਨਤ ਖਾਰਿਜ

Thursday, Jul 25, 2019 - 01:01 PM (IST)

ਸ਼ਾਲ ਵਪਾਰੀ ਦੀ ਖੁਦਕੁਸ਼ੀ ਮਾਮਲੇ 'ਚ 16 ਮੁਲਜ਼ਮਾਂ 'ਚੋਂ 10 ਦੀ ਅਗਾਊਂ ਜ਼ਮਾਨਤ ਖਾਰਿਜ

ਅੰਮ੍ਰਿਤਸਰ (ਸਫਰ/ਜਸ਼ਨ) : ਸ਼ਹਿਰ ਦੇ ਸਭ ਤੋਂ ਚਰਚਿਤ ਸ਼ਾਲ ਵਪਾਰੀ ਪ੍ਰਵੀਨ ਕੁਮਾਰ ਗੁਪਤਾ ਦੇ ਖੁਦਕੁਸ਼ੀ ਕਾਂਡ ਤੋਂ ਪਹਿਲਾਂ ਸਟੈਂਪ ਪੇਪਰ 'ਤੇ ਲਿਖੇ ਸੁਸਾਈਡ ਨੋਟ ਦੇ ਆਧਾਰ 'ਤੇ ਦਰਜ ਐੱਫ. ਆਈ. ਆਰ. ਨੂੰ 19 ਦਿਨਾਂ 'ਚ ਜੀ. ਆਰ. ਪੀ. ਨੇ ਬਠਿੰਡਾ, ਲੁਧਿਆਣਾ, ਸੰਗਰੂਰ ਅਤੇ ਅੰਮ੍ਰਿਤਸਰ ਦੇ ਨਾਲ-ਨਾਲ ਆਸ-ਪਾਸ ਕਈ ਸ਼ਹਿਰਾਂ 'ਚ 20 ਛਾਪੇ ਮਾਰੇ ਹਨ ਪਰ ਨਾਮਜ਼ਦ 16 ਮੁਲਜ਼ਮਾਂ 'ਚੋਂ ਪੁਲਸ ਦੇ ਹੱਥ ਕੋਈ ਨਹੀਂ ਚੜ੍ਹਿਆ। ਉਧਰ, ਜੀ. ਆਰ. ਪੀ. ਵੱਲੋਂ ਨਾਮਜ਼ਦ 16 'ਚੋਂ 10 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਦੀ ਮੰਗ ਅੰਮ੍ਰਿਤਸਰ ਦੀ ਅਦਾਲਤ ਨੇ ਅੱਜ ਖਾਰਿਜ ਕਰ ਦਿੱਤੀ। ਬੁੱਧਵਾਰ ਨੂੰ ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਜਸਪਿੰਦਰ ਸਿੰਘ ਹੇਰ ਦੀ ਅਦਾਲਤ 'ਚ ਨਾਮਜ਼ਦ 16 ਮੁਲਜ਼ਮਾਂ 'ਚ ਸ਼ਾਮਿਲ ਹਰਸ਼ੁਲ ਗਰਗ, ਸਾਕਸ਼ੀ ਗਰਗ, ਵਿਨੋਦ ਗਰਗ, ਮੀਨਾ ਗਰਗ (ਸਾਰੇ ਵਾਸੀ 26 ਸੁੱਖ ਇਨਕਲੇਵ, ਪਟਿਆਲਾ), ਰੀਤੂ ਗੋਇਲ, ਵਿਨੀਤ ਗੋਇਲ (ਵਾਸੀ 297 ਉਪਕਾਰ ਨਗਰ, ਲੁਧਿਆਣਾ) ਕੁਨਾਲ ਬਾਂਸਲ, ਲਲਿਤ ਗਰਗ, ਆਰ. ਕੇ. ਗਰਗ (ਅਗਰ ਨਗਰ ਲੁਧਿਆਣਾ), ਡਾ. ਮਨੀਸ਼ ਕੁਮਾਰ ਗੁਪਤਾ (ਡੇਲੀ ਹਾਰਟਸ ਇੰਸਟੀਚਿਊਟ ਬਠਿੰਡਾ), ਜਦੋਂ ਕਿ ਬਾਕੀ ਮੁਲਜ਼ਮਾਂ 'ਚ ਡਾ. ਸਵਿੰਦਰ ਸਿੰਘ ਦੀ ਅਗਾਊਂ ਜ਼ਮਾਨਤ ਨੂੰ ਇਸ ਅਦਾਲਤ ਨੇ ਬੀਤੇ 19 ਤਰੀਕ ਨੂੰ ਖਾਰਿਜ ਕਰ ਦਿੱਤਾ ਸੀ।

ਇਹ ਸੀ ਮਾਮਲਾ 
ਸ਼ਹਿਰ ਦੇ ਪਾਸ਼ ਇਲਾਕੇ 110 ਆਨੰਦ ਐਵੀਨਿਊ ਵਾਸੀ ਪ੍ਰਵੀਨ ਕੁਮਾਰ ਗੁਪਤਾ ਦੇ ਬੇਟੇ ਅਤੁਲ ਗੁਪਤਾ ਦਾ ਵਿਆਹ ਪਟਿਆਲਾ 'ਚ ਨਿਤਿਆ ਗੁਪਤਾ ਨਾਲ ਹੋਇਆ ਸੀ। 6 ਸਾਲ ਦਾ ਪੁੱਤਰ ਹੈ। ਨਿਤਿਆ ਦੀ ਮੌਤ ਨੈਚੁਰਲ ਡੈੱਥ ਨਾਲ ਹੋਣ ਬਾਰੇ ਪੁਲਸ ਅਤੇ ਡਾਕਟਰ ਨੇ ਰਿਪੋਰਟ 'ਚ ਲਿਖਿਆ ਸੀ ਪਰ ਪੋਸਟਮਾਰਟਮ ਰਿਪੋਰਟ ਵਿਚ ਸਲਫਾਸ ਖਾਧੀ ਨਿਕਲਿਆ। ਗੁਪਤਾ ਪਰਿਵਾਰ ਦੇ ਕਈ ਲੋਕ ਨਾਮਜ਼ਦ ਹੋਏ ਤੇ ਜੇਲ ਭੇਜੇ ਗਏ। ਜ਼ਮਾਨਤ 'ਤੇ ਬਾਹਰ ਆਏ ਪ੍ਰਵੀਨ ਕੁਮਾਰ ਗੁਪਤਾ ਨੇ ਸੁਸਾਈਡ ਨੋਟ 'ਚ 16 ਲੋਕਾਂ ਖਿਲਾਫ ਲਿਖਿਆ, ਜਿਸ ਵਿਚ ਇਹ ਵੀ ਲਿਖਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਪੋਸਟਮਾਰਟਮ ਰਿਪੋਰਟ ਡਾ. ਸਵਿੰਦਰ ਸਿੰਘ ਨਾਲ ਮਿਲ ਕੇ ਬਦਲਵਾਈ ਹੈ, ਇਨ੍ਹਾਂ ਸਾਰੇ ਮੁਲਜ਼ਮਾਂ ਨੇ ਹੱਤਿਆ ਦੱਸ ਕੇ ਪੂਰੇ ਪਰਿਵਾਰ ਨੂੰ ਲੁੱਟਿਆ। ਸਭ ਕੁਝ ਤਬਾਹ ਕਰ ਦਿੱਤਾ ਪਰ ਇਨਸਾਫ ਨਹੀਂ ਮਿਲਿਆ। ਪ੍ਰਵੀਨ ਕੁਮਾਰ ਗੁਪਤਾ ਨੇ ਬੀਤੀ 5 ਜੁਲਾਈ ਨੂੰ ਟਰੇਨ ਅੱਗੇ ਕੁੱਦ ਕੇ ਜਾਨ ਦੇਣ ਤੋਂ ਪਹਿਲਾਂ ਸੁਸਾਈਡ ਨੋਟ ਹਵਾ 'ਚ ਲਹਿਰਾ ਦਿੱਤੇ ਸਨ, ਲੈਮੀਨੇਸ਼ਨ ਸੁਸਾਈਡ ਨੋਟ ਸਟੈਂਪ ਪੇਪਰ 'ਤੇ ਲਿਖਿਆ ਹੈ, ਜੋ ਕਿ ਪੰਜਾਬ ਪੁਲਸ ਦੇ ਇਤਿਹਾਸ 'ਚ ਅਜਿਹਾ ਪਹਿਲਾ ਸੁਸਾਈਡ ਨੋਟ ਮੰਨਿਆ ਜਾ ਰਿਹਾ ਹੈ।

ਨਾਮਜ਼ਦ 2 ਜੋੜਿਆਂ ਨੇ ਨਹੀਂ ਲਾਈ ਅਗਾਊਂ ਜ਼ਮਾਨਤ ਦੀ ਮੰਗ
ਇਸ ਮਾਮਲੇ 'ਚ ਨਾਮਜ਼ਦ 2 ਜੋੜਿਆਂ ਨੇ ਅਗਾਊਂ ਜ਼ਮਾਨਤ ਲਈ ਮੰਗ ਨਹੀਂ ਲਾਈ। ਇਨ੍ਹਾਂ 'ਚ ਕੁਸੁਮ ਗੁਪਤਾ ਅਤੇ ਡਾ. ਸਤੀਸ਼ ਕੁਮਾਰ ਗੁਪਤਾ ਵਾਸੀ ਬਠਿੰਡਾ ਅਤੇ ਸ਼ਿਵਜਿੰਦਲ ਅਤੇ ਰੀਤਾ ਜਿੰਦਲ ਵਾਸੀ ਸੰਗਰੂਰ ਹਨ। ਮਿੱਤਰਸੇਨ ਮੀਤ ਗੋਇਲ (ਰਿਟਾਇਰਡ ਡੀ. ਏ. ਲੀਗਲ ਲੁਧਿਆਣਾ) ਨੇ ਵੀ ਅਗਾਊਂ ਜ਼ਮਾਨਤ ਲਈ ਕੋਈ ਮੰਗ ਹੁਣ ਤੱਕ ਨਹੀਂ ਕੀਤੀ। ਇਨ੍ਹਾਂ ਸਾਰਿਆਂ ਨੂੰ ਜੀ. ਆਰ. ਪੀ. ਥਾਣੇ 'ਚ ਪ੍ਰਵੀਨ ਕੁਮਾਰ ਗੁਪਤਾ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਨਾਮਜ਼ਦ ਕੀਤਾ ਗਿਆ ਹੈ।

ਹਾਈ ਕੋਰਟ 'ਚ ਡਾ. ਸਵਿੰਦਰ ਸਿੰਘ ਦੀ ਮੰਗ 'ਤੇ ਸੁਣਵਾਈ ਅੱਜ
ਪ੍ਰਵੀਨ ਕੁਮਾਰ ਗੁਪਤਾ ਨੇ ਸੁਸਾਈਡ ਨੋਟ 'ਚ ਮੁੱਖ ਸਾਜ਼ਿਸ਼ਕਰਤਾ ਅਤੇ ਮੌਤ ਦੇ ਜ਼ਿੰਮੇਵਾਰਾਂ 'ਚ ਸਭ ਤੋਂ ਉਪਰ ਨਾਂ ਡਾ. ਸਵਿੰਦਰ ਸਿੰਘ ਦਾ ਲਿਖਿਆ ਹੈ। ਅਜਿਹੇ 'ਚ ਅੰਮ੍ਰਿਤਸਰ 'ਚ ਡਾ. ਸਵਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਚਣ ਲਈ ਦਰਜ ਕੀਤੀ ਗਈ ਅਗਾਊਂ ਜ਼ਮਾਨਤ ਮੰਗ ਖਾਰਿਜ ਹੋਣ ਤੋਂ ਬਾਅਦ ਡਾ. ਸਵਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ 23 ਜੁਲਾਈ ਨੂੰ ਅਗਾਊਂ ਜ਼ਮਾਨਤ ਦੀ ਮੰਗ ਲਾਈ ਹੈ, ਜਿਸ ਦੀ ਸੁਣਵਾਈ 24 ਨੂੰ ਹੈ। ਹਾਈ ਕੋਰਟ ਨੇ ਇਸ ਮਾਮਲੇ 'ਚ ਜੀ. ਆਰ. ਪੀ. ਤੋਂ ਫਾਈਲ ਮੰਗਵਾਈ ਹੈ।


author

Baljeet Kaur

Content Editor

Related News