ਸ਼ਰਮਨਾਕ : ਇਲਾਜ ਲਈ ਤੜਫਦਾ ਰਿਹਾ ਮਰੀਜ਼, ਨਹੀਂ ਪਿਘਲਿਆ ਡਾਕਟਰਾਂ ਦਾ ਦਿਲ

02/24/2020 10:31:51 AM

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ 'ਚ ਇਕ ਜ਼ਖਮੀ ਵਿਅਕਤੀ ਇਲਾਜ ਲਈ ਤੜਫਦਾ ਰਿਹਾ। ਪਰਿਵਾਰਕ ਮੈਂਬਰਾਂ ਨੇ ਜਦੋਂ ਐਮਰਜੈਂਸੀ 'ਚ ਮੌਜੂਦ ਡਾਕਟਰਾਂ ਕੋਲ ਖੂਨ ਨਾਲ ਲੱਥਪੱਥ ਮਰੀਜ਼ ਦਾ ਇਲਾਜ ਕਰਨ ਦੀ ਦੁਹਾਈ ਲਾਈ ਤਾਂ ਉਲਟਾ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਦੀ ਗੱਲ ਨੂੰ ਅਣਸੁਣਿਆ ਕਰਦਿਆਂ ਖਰੀਆਂ-ਖੋਟੀਆਂ ਸੁਣਾਈਆਂ। ਮਰੀਜ਼ ਦੀ ਹਾਲਤ ਦੇਖ ਕੇ ਮਦਦ ਲਈ ਆਏ ਹੋਸਟਲ 'ਚ ਤਾਇਨਾਤ ਪੰਜਾਬ ਪੁਲਸ ਦੇ ਅਧਿਕਾਰੀ ਦੀ ਵੀ ਡਾਕਟਰਾਂ ਨੇ ਇਕ ਨਾ ਸੁਣਦਿਆਂ ਉਨ੍ਹਾਂ ਨੂੰ ਵੀ ਮਾਮਲੇ 'ਚ ਦਖਲ ਨਾ ਦੇਣ ਦੀ ਨਸੀਹਤ ਦਿੱਤੀ।

ਜਾਣਕਾਰੀ ਅਨੁਸਾਰ ਮਜੀਠਾ ਰੋਡ ਵਾਸੀ ਜਗੀਰ ਸਿੰਘ ਕਾਲਾ ਸੜਕ ਹਾਦਸੇ 'ਚ ਜ਼ਖਮੀ ਹੋਇਆ ਸੀ। ਘਟਨਾ ਸਥਾਨ ਤੋਂ ਚੁੱਕ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ 'ਚ ਲਿਆਂਦਾ। ਹਾਦਸੇ 'ਚ ਉਸ ਦੇ ਬੁੱਲ੍ਹ ਕੱਟ ਚੁੱਕੇ ਸਨ, ਕੰਨਾਂ 'ਤੇ ਵੀ ਗੰਭੀਰ ਸੱਟਾਂ ਆਈਆਂ ਤੇ ਕਾਫੀ ਖੂਨ ਵਹਿ ਰਿਹਾ ਸੀ। ਜਗੀਰ ਸਿੰਘ ਦੀ ਭੈਣ ਅਮਨ ਅਨੁਸਾਰ ਅਸੀਂ ਜਦੋਂ ਹਸਪਤਾਲ ਦੀ ਐਮਰਜੈਂਸੀ 'ਚ ਆਏ ਤਾਂ ਮੇਰਾ ਭਰਾ ਦਰਦ ਨਾਲ ਤੜਫਦਾ ਰਿਹਾ ਪਰ ਡਾਕਟਰਾਂ ਨੇ ਉਸ ਨੂੰ ਹੱਥ ਤੱਕ ਨਹੀਂ ਲਾਇਆ। ਮੈਂ ਜਦੋਂ ਡਾਕਟਰ ਨਾਲ ਸਰਜਰੀ ਵਿਭਾਗ ਦੇ ਡਾਕਟਰ ਨੂੰ ਕਿਹਾ ਕਿ ਤੁਸੀਂ ਇਸ ਦਾ ਇਲਾਜ ਸ਼ੁਰੂ ਕਰ ਦਿਓ, ਨਹੀਂ ਤਾਂ ਇਹ ਮਰ ਜਾਵੇਗਾ। ਇਸ 'ਤੇ ਦੋਵਾਂ ਡਾਕਟਰਾਂ ਨੇ ਉਸ ਦੀ ਗੱਲ ਨੂੰ ਅਣਸੁਣਿਆ ਕਰਦਿਆਂ ਉਸ ਨਾਲ ਬਦਸਲੂਕੀ ਕੀਤੀ। ਡਾਕਟਰਾਂ ਨੇ ਉਸ ਨੂੰ ਕਿਹਾ ਕਿ ਫਾਲਤੂ ਗੱਲ ਨਾ ਕਰੋ, ਇਥੋਂ ਬਾਹਰ ਨਿਕਲੋ।

ਡਾਕਟਰਾਂ ਤੇ ਅਟੈਂਡੈਂਟ ਦੀ ਗੱਲਬਾਤ ਸੁਣ ਕੇ ਹਸਪਤਾਲ ਦੀ ਸੁਰੱਖਿਆ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਸਕਿਓਰਿਟੀ ਇੰਚਾਰਜ ਜੋਗਿੰਦਰ ਸਿੰਘ ਵੀ ਐਮਰਜੈਂਸੀ ਵਾਰਡ 'ਚ ਪਹੁੰਚ ਗਏ। ਉਨ੍ਹਾਂ ਅਨੁਸਾਰ ਮਰੀਜ਼ ਦੀ ਭੈਣ ਰੋ ਰਹੀ ਸੀ। ਡਾਕਟਰ ਟ੍ਰੈਕ ਸੂਟ ਪਹਿਨ ਕੇ ਉਥੇ ਖੜ੍ਹੇ ਸਨ, ਮੈਂ ਉਨ੍ਹਾਂ ਨੂੰ ਸਿਰਫ ਇੰਨਾ ਹੀ ਕਿਹਾ ਕਿ ਸਰ, ਤੁਸੀਂ ਮਰੀਜ਼ ਦੇ ਅਟੈਂਡੈਂਟ ਨਾਲ ਪਿਆਰ ਨਾਲ ਗੱਲ ਕਰ ਲੈਂਦੇ ਤਾਂ ਉਸ ਦੀ ਪੀੜਾ ਘੱਟ ਹੋ ਜਾਂਦੀ। ਇਸ 'ਤੇ ਡਾਕਟਰ ਭੜਕ ਗਏ, ਬੋਲੇ ਤੂੰ ਕੌਣ ਹੈ। ਮੈਂ ਕਿਹਾ, ਮੈਂ ਸਕਿਓਰਿਟੀ ਇੰਚਾਰਜ ਹਾਂ। ਇਸ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੀ ਕੋਈ ਲੋੜ ਨਹੀਂ, ਇਥੋਂ ਨਿਕਲ ਜਾਓ। ਡਾਕਟਰ ਨੇ ਵੀ ਮੇਰੇ ਨਾਲ ਇਸ ਅੰਦਾਜ਼ 'ਚ ਗੱਲ ਕੀਤੀ। ਬੇਵੱਸ ਭੈਣ ਰੋਂਦੀ ਰਹੀ ਪਰ ਡਾਕਟਰ ਟੱਸ ਤੋਂ ਮੱਸ ਨਹੀਂ ਹੋਏ। ਇਸ ਦੌਰਾਨ ਮੀਡੀਆ ਕਰਮਚਾਰੀਆਂ ਨੇ ਦੋਵਾਂ ਡਾਕਟਰਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਮਨ੍ਹਾ ਕੀਤਾ।

ਸਕਿਓਰਿਟੀ ਇੰਚਾਰਜ ਨੇ ਐੱਮ. ਐੱਸ. ਨੂੰ ਕੀਤਾ ਫੋਨ, ਡਾਕਟਰ ਤਲਬ
ਸਕਿਓਰਿਟੀ ਇੰਚਾਰਜ ਜੋਗਿੰਦਰ ਸਿੰਘ ਨੇ ਘਟਨਾ ਦੀ ਜਾਣਕਾਰੀ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਨੂੰ ਦਿੱਤੀ। ਡਾ. ਰਮਨ ਨੇ ਕਿਹਾ ਕਿ ਉਹ ਦੋਵਾਂ ਡਾਕਟਰਾਂ ਨੂੰ ਕੱਲ ਆਪਣੇ ਦਫ਼ਤਰ 'ਚ ਸੱਦ ਕੇ ਜਵਾਬਤਲਬੀ ਕਰਨਗੇ।


Baljeet Kaur

Content Editor

Related News