ਅੰਮ੍ਰਿਤਸਰ ਪੁਲਸ ਨੇ ਫੜਿਆ ਖਾਲਿਸਤਾਨ ਦਹਿਸ਼ਤਗਰਦ, KCF ਦਾ ਸੀ ਮੈਂਬਰ

Friday, May 24, 2019 - 07:42 PM (IST)

ਅੰਮ੍ਰਿਤਸਰ ਪੁਲਸ ਨੇ ਫੜਿਆ ਖਾਲਿਸਤਾਨ ਦਹਿਸ਼ਤਗਰਦ, KCF ਦਾ ਸੀ ਮੈਂਬਰ

ਜਲੰਧਰ/ਅੰਮ੍ਰਿਤਸਰ—  ਸੀ.ਆਈ.ਏ ਸਟਾਫ ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਇਕ ਸਾਂਝੇ ਅਪ੍ਰੇਸ਼ਨ ਦੇ ਚੱਲਦਿਆ ਖਾਲਿਸਤਾਨ ਕਮਾਂਡੋਂ ਫੋਰਸ (ਕੇ. ਸੀ. ਐੱਫ) ਦੇ ਭਗੋਡ਼ੇ ਚਲਦੇ ਆ ਰਹੇ ਲੈਫਟੀਨੈਟ ਜਨਰਲ ਕੁਲਵੰਤ ਸਿੰਘ ਵਲੈਤੀਆਂ ਨੂੰ ਅੱਜ ਸਵੇਰੇ ਪਿੰਡ ਜਗਰਾਵਾ (ਆਦਮਪੁਰ) ਤੋਂ ਗ੍ਰਿਫਤਾਰ ਕਰ ਲਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਇਨਵੈਸ਼ਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਲ 2013 ਦੌਰਾਨ ਥਾਣਾ ਛੇਹਰਟਾ ਵਿਖੇ ਦਰਜ ਐਨ.ਡੀ.ਪੀ.ਐਸ ਅਤੇ ਅਸਲਾ ਐਕਟ ਤਹਿਤ ਮਾਮਲਾ ਨੰਬਰ 260 ਵਿਚ ਉਕਤ ਦੋਸ਼ੀ ਨੂੰ ਅਦਾਲਤ ਨੇ ਭਗੋਡ਼ਾ ਕਰਾਰ ਦਿੱਤਾ ਸੀ। ਇਸ ਖਤਰਨਾਕ ਦੋਸ਼ੀ ਨੂੰ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਸੀ.ਆਈ.ਏ.ਸਟਾਫ ਅੰਮ੍ਰਿਤਸਰ ਤੋਂ ਇਲਾਵਾਂ ਕਾਊਂਟਰ ਇਟੈਲੀਜੈਂਸ ਜਲੰਧਰ ਦੀ ਟੀਮ ਨੇ ਆਦਮਪੁਰ ਨੇਡ਼ਲੇ ਪਿੰਡ ਜਗਰਾਵਾਂ ਤੋਂ ਗ੍ਰਿਫਤਾਰ ਕੀਤਾ ।

ਲਾਭ ਸਿੰਘ ਦਾ ਨੇਡ਼ਲਾ ਸਾਥੀ ਹੈ ਵਲੈਤੀਆਂ

ਡੀ.ਸੀ.ਪੀ.ਇਨਵੈਸ਼ਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਏ.ਡੀ.ਸੀ.ਪੀ.ਜਾਂਚ ਗੁਰਨਾਮ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਇੰਚਾਰਜ ਸੀ.ਆਈ.ਏ.ਸਟਾਫ ਦੀ ਟੀਮ ਵਲੋਂ ਗ੍ਰਿਫਤਾਰ ਕੀਤਾ ਗਿਆ ਇਹ ਖਤਰਨਾਕ ਦੋਸ਼ੀ ਜੋ ਖਾਲਿਸਤਾਨ ਕਮਾਡੋ ਫੋਰਸ ਦੇ ਲੈਫਟੀਨੈਟ ਜਨਰਲ ਲਾਭ ਸਿੰਘ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਵਲੈਤੀਆਂ ਜੋ ਕਈ ਵੱਖ-ਵੱਖ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਮਗਰੋਂ ਨਵੰਬਰ 1990 ਵਿਚ ਜਰਮਨ ਚਲਾ ਗਿਆ ਸੀ , ਚਾਰ ਸਾਲ ਜਰਮਨ ਰਹਿਣ ਦੇ ਮਗਰੋਂ ਉਹ ਸਾਲ 1994 ਵਿਚ ਇੰਗਲੈਂਡ ਚਲਾ ਗਿਆ ਅਤੇ ਸਾਲ 2017 ਤੋਂ ਮਾਣਯੋਗ ਅਦਾਲਤ ਵਲੋਂ ਭਗੋਡ਼ਾ ਚਲਿਆ ਜਾ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਇਸ ਖਤਰਨਾਕ ਮੁਲਜਮ ਵਲੈਤੀਆਂ ਦੇ ਹੋਰ ਸਾਥੀ ਰਤਨ ਸਿੰਘ ਵਾਸੀ ਅਸਮਾਨ ਸ਼ਹੀਦ ਥਾਣਾ ਟਾਂਡਾ, ਹੁਸ਼ਿਆਰਪੁਰ, ਦਲਜੀਤ ਸਿੰਘ ਭਿੱਖੀ ਵਾਸੀ ਬੇਲਾ ਸਰਿਆਨਾ, ਥਾਣਾ ਹਾਜੀਪੁਰ ਹੁਸ਼ਿਆਰਪੁਰ ਲਹਿੰਬਰ ਸਿੰਘ ਵਾਸੀ ਬੇਲਾ ਸਰਿਆਣਾ ਹੁਸ਼ਿਆਰਪੁਰ, ਸੁਖਦੇਵ ਰਾਜ ਵਾਸੀ ਦਰਾਵਾਂ, ਥਾਣਾ ਆਦਮਪੁਰ ਜਲੰਧਰ, ਬਲਬੀਰ ਸਿੰਘ ਬਿੱਲਾ, ਜਸਵਿੰਦਰ ਸਿੰਘ ਸੇਠ ਵਾਸੀ ਨੰਗਲ ਫੀਦਾ ਥਾਣਾ ਭੋਗਪੁਰ ਦੀ ਮੌਤ ਹੋ ਚੁੱਕੀ ਹੈ। ਜਦਕਿ ਸਰਬਜੀਤ ਸਿੰਘ ਪੱਪੂ ਵਾਸੀ ਢੋਲੀਕੇ ਇਸ ਵੇਲੇ ਜਰਮਨ ਰਹਿ ਰਿਹਾ ਹੈ ਅਤੇ ਇਕ ਹੋਰ ਸਾਥੀ ਹਰਜਾਪ ਸਿੰਘ ਭੋਲਾ ਵਾਸੀ ਧੀਰੇਵਾਲ ਕੈਨੇਡਾ ਰਹਿ ਰਿਹਾ ਹੈ। ਪੁਲਸ ਕੁਲਵੰਤ ਵਲੈਤੀਆਂ ਦੇ ਇਕ ਹੋਰ ਸਾਥੀ ਜੀਵਨ ਸਿੰਘ ਫੁੰਮਣ ਵਾਸੀ ਘੰਣੂਪੁਰ ਕਾਲੇ ਹਾਲ ਲੁਹਾਰਕਾ ਰੋਡ ਅੰਮ੍ਰਿਤਸਰ ਜੋ ਅਦਾਲ਼ਤ ਨੇ ਭਗੋਡ਼ਾ ਕਰਾਰ ਦਿੱਤਾ , ਦੀ ਵੀ ਸਰਗਰਮੀ ਦੇ ਨਾਲ ਭਾਲ ਕਰ ਰਹੀ ਹੈ।

ਕਤਲ-ਡਕੈਤੀ, ਲੁੱਟਾਂ-ਖੋਹਾਂ ਦੇ 17 ਮਾਮਲੇ ਦਰਜ

ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਖਤਰਨਾਕ ਦੋਸ਼ੀ ਕੁਲਵੰਤ ਸਿੰਘ ਵਲੈਤੀਏ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ ਕਤਲ, ਡਕੈਤੀ ਅਤੇ ਲੱੁਟਾਂ ਖੋਹਾਂ ਨਾਲ ਸਬੰਧਿਤ 17 ਮਾਮਲੇ ਦਰਜ ਪਾਏ ਗਏ ਹਨ। ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਮੁਲਜਮ ਕੁਲਵੰਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜਗਰਾਵਾ (ਆਦਮਪੁਰ) ਦੇ ਖਿਲਾਫ ਕਾਰਵਾਈ ਕਰਦਿਆ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

satpal klair

Content Editor

Related News