ਕੁੜੀਆਂ ਨੂੰ ਛੇੜਨ ਤੋਂ ਰੋਕਿਆ ਤਾਂ ਸ਼ਰੇਆਮ ਵਿਅਕਤੀ ਨੂੰ ਕ੍ਰਿਪਾਨਾਂ ਨਾਲ ਵੱਢਿਆ

Thursday, Mar 19, 2020 - 09:41 AM (IST)

ਕੁੜੀਆਂ ਨੂੰ ਛੇੜਨ ਤੋਂ ਰੋਕਿਆ ਤਾਂ ਸ਼ਰੇਆਮ ਵਿਅਕਤੀ ਨੂੰ ਕ੍ਰਿਪਾਨਾਂ ਨਾਲ ਵੱਢਿਆ

ਅੰਮ੍ਰਿਤਸਰ (ਸੰਜੀਵ) : ਕੁੜੀਆਂ ਛੇੜਨ ਤੋਂ ਰੋਕਣ 'ਤੇ ਗੁੱਸੇ 'ਚ ਆਏ ਸਕੂਲ ਵਿਦਿਆਰਥੀਆਂ ਨੇ ਢੱਪਈ ਸਥਿਤ ਗਲੀ ਲੋਹਾਰਾਂ ਵਾਲੀ ਦੇ ਰਹਿਣ ਵਾਲੇ ਗੁਰਨਾਮ ਸਿੰਘ ਦੀ ਤੇਜ਼ਧਾਰ ਕ੍ਰਿਪਾਨਾਂ ਨਾਲ ਵੱਢ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਸਾਰੇ ਹਮਲਾਵਰ ਗੁਰਨਾਮ ਦੇ ਮੁਹੱਲੇ ਦੇ ਹੀ ਸਨ, ਜਿਨ੍ਹਾਂ ਨੂੰ ਉਹ ਸਕੂਲੀ ਵਿਦਿਆਰਥਣਾਂ ਨੂੰ ਛੇੜਨ ਤੋਂ ਰੋਕਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਲ ਸਰਕਾਰੀ ਸਕੂਲ ਹੈ, ਜਿਥੇ ਆਉਣ-ਜਾਣ ਵਾਲੀਆਂ ਕੁੜੀਆਂ ਨੂੰ ਹਮਲਾਵਰ ਅਕਸਰ ਛੇੜਦੇ ਸਨ ਅਤੇ ਉਨ੍ਹਾਂ ਦੇ ਪਿਤਾ ਗੁਰਨਾਮ ਸਿੰਘ ਉਨ੍ਹਾਂ ਨੂੰ ਰੋਕਿਆ ਕਰਦੇ ਸਨ।

PunjabKesari

ਇਸੇ ਰੰਜਿਸ਼ ਕਾਰਣ ਅੱਜ ਸਾਰਿਆਂ ਨੇ ਉਨ੍ਹਾਂ ਨੂੰ ਘੇਰ ਕੇ ਤੇਜ਼ਧਾਰ ਕ੍ਰਿਪਾਨਾਂ ਨਾਲ ਡੂੰਘੇ ਵਾਰ ਕੀਤੇ ਤੇ ਜ਼ਖ਼ਮੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕ ਜਰਨੇਟਰ ਰਿਪੇਅਰ ਦਾ ਕੰਮ ਕਰਦਾ ਸੀ। ਪੁਲਸ ਨੇ ਮ੍ਰਿਤਕ ਦੇ ਲੜਕੇ ਦੀ ਸ਼ਿਕਾਇਤ 'ਤੇ ਜਸਪਾਲ ਸਿੰਘ, ਸਾਗਰ, ਸ਼ਾਲੂ, ਰਾਜਨ, ਮੁਕੇਸ਼ ਅਤੇ ਇਨ੍ਹਾਂ ਦੇ ਦਰਜਨ ਭਰ ਅਣਪਛਾਤੇ ਸਾਥੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਕੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਗੇਟ ਹਕੀਮਾ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ 'ਤੇ ਹਮਲਾਵਰਾਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਸਾਰੇ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਲੁਧਿਆਣਾ 'ਚ 167 ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਨੇ ਮਚਾਈ ਹਫੜਾ-ਦਫੜੀ


author

Baljeet Kaur

Content Editor

Related News