ਪਾਕਿਸਤਾਨ ਨੇ ਭਾਰਤ ਜਾਣ ਤੋਂ ਰੋਕੇ 50 ਹਿੰਦੂ ਪਰਿਵਾਰ
Thursday, Feb 06, 2020 - 11:31 AM (IST)
ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿਥੇ ਪਾਕਿਸਤਾਨ ਤੋਂ ਹਿੰਦੂ ਪਰਿਵਾਰਾਂ ਦਾ ਪਲਾਇਨ ਕਰ ਕੇ ਭਾਰਤ ਆਉਣ ਦਾ ਸਿਲਸਿਲਾ ਜਾਰੀ ਹੈ ਤਾਂ ਉਥੇ ਹੀ ਅੰਤਰਰਾਸ਼ਟਰੀ ਪੱਧਰ 'ਤੇ ਹੋ ਰਹੀ ਆਪਣੀ ਬਦਨਾਮੀ ਨੂੰ ਰੋਕਣ ਲਈ ਪਾਕਿ ਸਰਕਾਰ ਵੀ ਹਰਕਤ 'ਚ ਆ ਗਈ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਵਾਹਗਾ ਬਾਰਡਰ 'ਤੇ ਸਥਿਤ ਰੀਟ੍ਰੀਟ ਸੈਰੇਮਨੀ ਥਾਂ 'ਤੇ ਭਾਰਤ ਜਾਣ ਵਾਲੇ 50 ਹਿੰਦੂ ਪਰਿਵਾਰਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਅਟਾਰੀ ਬਾਰਡਰ ਕਰਾਸ ਕਰ ਕੇ ਭਾਰਤ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਹਾਲਾਂਕਿ 5 ਫਰਵਰੀ ਨੂੰ ਕਸ਼ਮੀਰ ਡੇਅ ਹੋਣ ਕਾਰਣ ਦੋਵਾਂ ਦੇਸ਼ਾਂ ਵਿਚਕਾਰ ਟਰੱਕਾਂ ਰਾਹੀਂ ਹੋਣ ਵਾਲਾ ਕਾਰੋਬਾਰ ਬੰਦ ਸੀ ਪਰ ਭਾਰਤ ਜਾਣ ਵਾਲੇ ਮੁਸਾਫਰਾਂ ਨੂੰ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਰੋਕਿਆ ਗਿਆ।
ਹਿੰਦੂ ਪਰਿਵਾਰ ਭਾਰਤ 'ਚ ਗੰਗਾ ਇਸ਼ਨਾਨ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਲਈ 45 ਦਿਨਾਂ ਦਾ ਵੀਜ਼ਾ ਲੈ ਕੇ ਭਾਰਤ ਆਉਂਦੇ ਹਨ ਅਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਭਾਰਤ 'ਚ ਲੁਕ ਕੇ ਰਹਿਣ ਲੱਗ ਜਾਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨੀ ਹਿੰਦੂ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਪਿਛਲੇ ਇਕ ਹਫਤੇ ਦੌਰਾਨ 2500 ਦੇ ਕਰੀਬ ਪਾਕਿਸਤਾਨੀ ਹਿੰਦੂ ਭਾਰਤ ਆ ਚੁੱਕੇ ਹਨ, ਜਿਸ ਕਾਰਣ ਪਾਕਿਸਤਾਨ ਵੀ ਬੌਖਲਾਇਆ ਹੋਇਆ ਹੈ।