ਪਿਆਜ਼ ਦੀ ਮਹਿਕ 'ਚੋਂ ਹੈਰੋਇਨ ਨੂੰ ਪਛਾਣਨਾ ਮੁਸ਼ਕਲ, ਵਾਪਸ ਭੇਜੇ ਗਏ 20 ਟਰੱਕ

12/09/2019 12:21:16 PM

ਅੰਮ੍ਰਿਤਸਰ (ਨੀਰਜ) : ਭਾਰਤੀ ਸਬਜ਼ੀ ਮੰਡੀਆਂ 'ਚ ਪਿਆਜ਼ ਦੀ ਕਿੱਲਤ ਨੂੰ ਦੇਖਦਿਆਂ ਅਫਗਾਨਿਸਤਾਨ ਦਾ ਕੌੜਾ ਪਿਆਜ਼ ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਭਾਰੀ ਮਾਤਰਾ 'ਚ ਆ ਰਿਹਾ ਹੈ। ਐਤਵਾਰ ਨੂੰ ਪਾਕਿਸਤਾਨ ਦੇ ਰਸਤੇ ਅਫਗਾਨੀ ਪਿਆਜ਼ ਦੇ 60 ਟਰੱਕ ਅਟਾਰੀ ਬਾਰਡਰ 'ਤੇ ਆਏ। ਇਸ ਨੂੰ ਦੇਖਦਿਆਂ ਕਸਟਮ ਵਿਭਾਗ ਨੇ ਅਫਗਾਨੀ ਪਿਆਜ਼ ਦੀ ਸਿੰਗਲ ਲੇਅਰ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਰਿਸਕ ਨਾ ਹੋਵੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਫਗਾਨੀ ਪਿਆਜ਼ ਦੇ 87 ਟਰੱਕ ਆਈ. ਸੀ. ਪੀ. 'ਤੇ ਆਏ ਸਨ, ਜਿਨ੍ਹਾਂ 'ਚੋਂ 20 ਟਰੱਕਾਂ ਨੂੰ ਵਾਪਸ ਭੇਜ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਅਫਗਾਨਿਸਤਾਨ ਤੋਂ ਆਉਣ ਵਾਲੇ ਪਿਆਜ਼ ਦੀ ਚੈਕਿੰਗ ਲਈ ਕਸਟਮ ਵਿਭਾਗ ਵਲੋਂ ਜ਼ਮੀਨ 'ਤੇ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਚੀਜ਼ ਜਿਸ ਨੂੰ ਪਿਆਜ਼ ਦੀਆਂ ਬੋਰੀਆਂ ਅੰਦਰ ਲੁਕਾਇਆ ਗਿਆ ਹੋਵੇ, ਨੂੰ ਟ੍ਰੇਸ ਕੀਤਾ ਜਾ ਸਕੇ। ਉਂਝ ਵੀ ਅਫਗਾਨਿਸਤਾਨ ਦਾ ਪਿਆਜ਼ ਕਿਸੇ ਜੂਟ ਬੈਗ 'ਚ ਨਹੀਂ, ਸਗੋਂ ਪਲਾਸਟਿਕ ਦੇ ਧਾਗੇ ਵਾਲੇ ਬੈਗ 'ਚ ਪੈਕ ਹੋ ਕੇ ਆ ਰਿਹਾ ਹੈ, ਜਿਸ ਦੇ ਅੰਦਰ ਕਿਸੇ ਵੀ ਹੈਰੋਇਨ ਜਾਂ ਸੋਨੇ ਵਰਗੀ ਚੀਜ਼ ਨੂੰ ਸੌਖ ਨਾਲ ਲੁਕਾਇਆ ਨਹੀਂ ਜਾ ਸਕਦਾ। ਅਟਾਰੀ ਬਾਰਡਰ 'ਤੇ ਹੀ ਅਫਗਾਨਿਸਤਾਨ ਦੇ ਸੇਬ ਦੀਆਂ ਪੇਟੀਆਂ 'ਚੋਂ 33 ਕਿਲੋ ਸੋਨਾ ਜ਼ਬਤ ਕੀਤੇ ਜਾਣ ਤੋਂ ਬਾਅਦ ਅਤੇ ਪਾਕਿਸਤਾਨ ਵੱਲੋਂ ਦਰਾਮਦ ਨਮਕ ਦੀ ਖੇਪ 'ਚੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਤੋਂ ਬਾਅਦ ਕਸਟਮ ਵਿਭਾਗ ਹੁਣ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਨੂੰ ਤਿਆਰ ਨਹੀਂ ਹੈ।

ਬੀ. ਐੱਸ. ਐੱਫ. ਦਾ ਸਨਿੱਫਰ ਡਾਗ ਵੀ ਕਰ ਰਿਹਾ ਚੈਕਿੰਗ
ਅਟਾਰੀ ਬਾਰਡਰ 'ਤੇ ਟਰੱਕ ਸਕੈਨਰ ਤਾਂ ਕੰਮ ਕਰ ਨਹੀਂ ਰਿਹਾ ਪਰ ਕਸਟਮ ਵਿਭਾਗ ਪਿਆਜ਼ ਦੀ ਚੈਕਿੰਗ ਕਰਨ ਲਈ ਸਨਿੱਫਰ ਡਾਗ ਦਾ ਪ੍ਰਯੋਗ ਕਰ ਰਿਹਾ ਹੈ। ਇਸ ਦੇ ਲਈ ਕਸਟਮ ਵਿਭਾਗ ਨੇ ਬੀ. ਐੱਸ. ਐੱਫ. ਦੇ ਸਨਿੱਫਰ ਡਾਗ ਦੀ ਵੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਕਸਟਮ ਵਿਭਾਗ ਦੀ ਤਰ੍ਹਾਂ ਬੀ. ਐੱਸ. ਐੱਫ. ਦੇ ਸਨਿੱਫਰ ਡਾਗ ਵੀ ਕਿਸੇ ਵੀ ਤਰ੍ਹਾਂ ਦੀ ਨਸ਼ੀਲੀ ਚੀਜ਼ ਨੂੰ ਟ੍ਰੇਸ ਕਰਨ 'ਚ ਮਾਹਿਰ ਹਨ।

ਪਿਆਜ਼ ਦੀ ਖੁਸ਼ਬੂ 'ਚ ਹੈਰੋਇਨ ਦੀ ਦੁਰਗੰਧ ਪਛਾਣਨਾ ਮੁਸ਼ਕਿਲ
ਅਫਗਾਨਿਸਤਾਨ ਤੋਂ ਆ ਰਹੇ ਪਿਆਜ਼ ਦੀ ਚੈਕਿੰਗ ਕਰਨਾ ਕਸਟਮ ਵਿਭਾਗ ਦੇ ਸਨਿੱਫਰ ਡਾਗਸ ਲਈ ਆਸਾਨ ਕੰਮ ਨਹੀਂ ਹੈ ਕਿਉਂਕਿ ਪਿਆਜ਼ ਦੀ ਖੁਸ਼ਬੂ 'ਚ ਹੈਰੋਇਨ ਦੀ ਦੁਰਗੰਧ ਨੂੰ ਪਛਾਣਨਾ ਕਾਫ਼ੀ ਮੁਸ਼ਕਿਲ ਕੰਮ ਹੈ। ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਅਫਗਾਨੀ ਪਿਆਜ਼ 'ਚ ਹੈਰੋਇਨ ਦੀ ਖੇਪ ਆ ਸਕਦੀ ਹੈ। ਪਾਕਿਸਤਾਨ ਇਹ ਸ਼ਰਾਰਤ ਪਹਿਲਾਂ ਵੀ ਕਰ ਚੁੱਕਾ ਹੈ। ਹੈਰੋਇਨ ਨੂੰ ਪਿਆਜ਼ ਦੀਆਂ ਬੋਰੀਆਂ 'ਚ ਪੈਕ ਕਰਦੇ ਸਮੇਂ ਜੇਕਰ ਕਿਸੇ ਤਰ੍ਹਾਂ ਦੀ ਲੀਕੇਜ ਰਹਿ ਜਾਵੇ ਤਾਂ ਉਸ ਤੋਂ ਨਿਕਲਣ ਵਾਲੀ ਦੁਰਗੰਧ ਨੂੰ ਸਨਿੱਫਰ ਡਾਗ ਸੌਖ ਨਾਲ ਟ੍ਰੇਸ ਕਰ ਸਕਦਾ ਹੈ ਪਰ ਹੈਰੋਇਨ ਸਮੱਗਲਰ ਅਜਿਹੇ ਮੌਕੇ ਘੱਟ ਹੀ ਦਿੰਦੇ ਹਨ।

ਰਿਟੇਲ 'ਚ ਪਿਆਜ਼ ਦੇ ਮੁੱਲ ਅਜੇ ਵੀ 120 ਤੋਂ ਪਾਰ
ਇਕ ਪਾਸੇ ਜਿਥੇ ਅਫਗਾਨਿਸਤਾਨ ਦੇ ਪਿਆਜ਼ ਦਾ ਭਾਰੀ ਮਾਤਰਾ 'ਚ ਕਾਰੋਬਾਰ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਬਜ਼ੀ ਮੰਡੀਆਂ 'ਚ ਰਿਟੇਲ ਵਿਚ ਪਿਆਜ਼ ਦੇ ਮੁੱਲ ਅਜੇ ਵੀ 120 ਰੁਪਏ ਦੇ ਪਾਰ ਹਨ। ਪਿਆਜ਼ ਦੀ ਬਲੈਕ ਹੋ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ। ਪ੍ਰਬੰਧਕੀ ਲਾਪ੍ਰਵਾਹੀ ਕਾਰਣ ਆਮ ਲੋਕਾਂ ਦਾ ਪਿਆਜ਼ ਵਿਕਰੇਤਾਵਾਂ ਵੱਲੋਂ ਭਾਰੀ ਸ਼ੋਸ਼ਣ ਕੀਤਾ ਜਾ ਰਿਹਾ ਹੈ।


Baljeet Kaur

Content Editor

Related News