ਮਿਊਜ਼ੀਅਮ ਵੇਖ ਖਫਾ ਹੋਈ ਹਰਸਿਮਰਤ, ਕੈਪਟਨ ਨੂੰ ਕੀਤੀ ਅਪੀਲ
Friday, Aug 30, 2019 - 06:13 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਤੀ ਤੇ ਬੇਟੀ ਨਾਲ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਉਪਰੰਤ ਬੀਬੀ ਬਾਦਲ ਨੇ ਹਰਿਮੰਦਰ ਸਾਹਿਬ ਗਲਿਆਰੇ ’ਚ ਬਣੇ ਸਿੱਖ ਮਿਊਜ਼ੀਅਮ ਦਾ ਦੌਰਾ ਕੀਤਾ। ਮਿਊਜ਼ਿਮ ਦੇ ਰੱਖ-ਰਖਾਅ ’ਚ ਕਮੀਆਂ ਪਾਏ ਜਾਣ ’ਤੇ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸਿੱਖ ਮਿਊਜ਼ੀਅਮ ਦੀ ਸਾਂਭ-ਸੰਭਾਲ ਵਿੱਚ ਢਿੱਲ ਨਾ ਵਰਤਣ। ਉਨ੍ਹਾਂ ਨੇ ਕੈਪਟਨ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਥੇ ਆਉਣ ਵਾਲੀਆਂ ਸੰਗਤਾਂ ਚੰਗਾ ਸੰਦੇਸ਼ ਲੈ ਕੇ ਜਾਣ।
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਨਨਕਾਣਾ ਸਾਹਿਬ ਨੇੜੇ ਇਕ ਗ੍ਰੰਥੀ ਸਿੰਘ ਦੀ ਧੀ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਚੁੱਕਿਆ ਜਾਏਗਾ ਅਤੇ ਕਾਰਵਾਈ ਕੀਤੀ ਜਾਏਗੀ।