ਅੰਮ੍ਰਿਤਸਰ : ਪ੍ਰੇਮ ਸਬੰਧਾਂ ''ਚ ਰੋੜਾ ਬਣ ਰਹੀ ਸੱਸ ਦਾ ਬੇਰਹਿਮੀ ਨਾਲ ਕਤਲ
Saturday, Oct 19, 2019 - 10:23 AM (IST)

ਅੰਮ੍ਰਿਤਸਰ (ਅਰੁਣ) : ਪ੍ਰੇਮ ਸਬੰਧਾਂ 'ਚ ਰੋੜਾ ਬਣ ਰਹੀ ਸੱਸ ਨੂੰ ਉਸ ਦੀ ਨੂੰਹ ਵਲੋਂ ਆਪਣੇ 2 ਪ੍ਰੇਮੀਆਂ ਨਾਲ ਮਿਲ ਕੇ ਟਿਕਾਣੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤਰਸਿੱਕਾ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦਸਮੇਸ਼ ਨਗਰ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ, 7 ਅਕਤੂਬਰ ਨੂੰ ਉਸ ਦੇ ਭਰਾ ਲਵਪ੍ਰੀਤ ਸਿੰਘ ਨੇ ਫੋਨ ਕਰ ਕੇ ਉਨ੍ਹਾਂ ਦੀ ਮਾਤਾ ਜੋਗਿੰਦਰ ਕੌਰ ਦੀ ਮੌਤ ਬਾਰੇ ਦੱਸਿਆ। ਅਗਲੇ ਦਿਨ ਉਹ ਘਰ ਪੁੱਜਾ ਤਾਂ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਸਕਿਆ। ਜਾਂਚ ਦੌਰਾਨ ਮਾਤਾ ਦੀ ਖਿੱਚੀ ਫੋਟੋ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਮੂੰਹ ਤੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ।
ਪੁਲਸ ਨੂੰ ਕੀਤੀ ਸ਼ਿਕਾਇਤ 'ਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੰਦੀਪ ਕੌਰ ਜਿਸ ਦੇ ਦਸਮੇਸ਼ ਨਗਰ ਵਾਸੀ ਸ਼ੇਰਾ ਸਿੰਘ ਪੁੱਤਰ ਲੱਖਾ ਸਿੰਘ ਅਤੇ ਗੁੰਮਟਾਲਾ ਵਾਸੀ ਸੇਠੀ ਪੁੱਤਰ ਰੂੜ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਨੂੰ ਉਸ ਦੀ ਮਾਤਾ ਜੋਗਿੰਦਰ ਕੌਰ ਰੋਕਦੀ ਸੀ। ਰਾਹ ਦਾ ਰੋੜਾ ਬਣ ਰਹੀ ਉਸ ਦੀ ਮਾਤਾ ਨੂੰ ਸੰਦੀਪ ਕੌਰ ਨੇ ਆਪਣੇ ਦੋਵਾਂ ਪ੍ਰੇਮੀਆਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਸੰਦੀਪ ਕੌਰ, ਸ਼ੇਰਾ ਤੇ ਸੇਠੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।