ਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਆਪਸ ਭਿੜੇ ਅਧਿਆਪਕ, ਪਾੜੇ ਸਿਰ

01/18/2020 11:02:06 AM

ਅੰਮ੍ਰਿਤਸਰ (ਦਲਜੀਤ, ਅਰੁਣ) : ਸਰਕਾਰੀ ਸੀ. ਸੈ. ਸਕੂਲ ਕੋਟ ਖਾਲਸਾ 'ਚ ਮਿਡ-ਡੇ ਮੀਲ ਬਣਾਉਣ ਨੂੰ ਲੈ ਕੇ 2 ਅਧਿਆਪਕ ਆਪਸ ਵਿਚ ਭਿੜ ਗਏ। ਘਟਨਾ ਦੌਰਾਨ ਇਕ ਅਧਿਆਪਕ ਦੇ ਸਿਰ 'ਤੇ ਜਿਥੇ ਡੂੰਘੀ ਸੱਟ ਲੱਗੀ, ਉਥੇ ਹੀ ਮਾਮਲੇ ਦਾ ਪਤਾ ਲੱਗਦੇ ਹੀ ਥਾਣਾ ਕੋਟ ਖਾਲਸਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਖਬਰ ਲਿਖੇ ਜਾਣ ਤੱਕ ਅਧਿਆਪਕ ਸੰਗਠਨ ਦੋਵਾਂ ਅਧਿਆਪਕਾਂ 'ਚ ਰਾਜ਼ੀਨਾਮਾ ਕਰਵਾਉਣ 'ਚ ਲੱਗੇ ਹੋਏ ਸਨ।

ਜਾਣਕਾਰੀ ਅਨੁਸਾਰ ਸਰਕਾਰੀ ਸੀ. ਸੈ. ਸਕੂਲ ਕੋਟ ਖਾਲਸਾ 'ਚ ਸਵੇਰੇ 11 ਵਜੇ ਮਿਡ-ਡੇ ਮੀਲ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ। ਇਕ ਕਮਰੇ 'ਚ ਮਿਡ-ਡੇ ਮੀਲ ਇੰਚਾਰਜ ਅਤੇ ਡਰਾਇੰਗ ਅਧਿਆਪਕ ਤਰਸੇਮ ਲਾਲ ਅਤੇ ਹਿਸਾਬ ਅਧਿਆਪਕ ਕੁਲਵਿੰਦਰ ਸਿੰਘ ਬੈਠੇ ਹੋਏ ਸਨ। ਉਨ੍ਹਾਂ ਨਾਲ ਸਕੂਲ ਕਲਰਕ ਓਂਕਾਰ ਵੀ ਸੀ। ਕੁਲਵਿੰਦਰ ਸਿੰਘ ਅਤੇ ਤਰਸੇਮ ਲਾਲ 'ਚ ਤੂੰ-ਤੂੰੰ, ਮੈਂ-ਮੈਂ ਹੋ ਗਈ ਅਤੇ ਦੋਵੇਂ ਆਪਸ 'ਚ ਉਲਝ ਪਏ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਤਰਸੇਮ ਲਾਲ ਨੂੰ ਉਸ ਨੇ ਸਾਰੇ ਬੱਚਿਆਂ ਲਈ ਮਿਡ-ਡੇ ਮੀਲ ਬਣਾਉਣ ਲਈ ਕਿਹਾ ਸੀ, ਜਿਸ 'ਤੇ ਤਰਸੇਮ ਲਾਲ ਨੇ ਇਤਰਾਜ਼ ਜਤਾਇਆ ਅਤੇ ਦੋਵਾਂ 'ਚ ਕਿਹਾ-ਸੁਣੀ ਹੋ ਗਈ। ਕੁਲਵਿੰਦਰ ਅਨੁਸਾਰ ਤਰਸੇਮ ਨੇ ਕੁਰਸੀ ਦੀ ਰਾਡ ਤੋੜ ਕੇ ਉਸ 'ਤੇ ਹਮਲਾ ਕਰ ਦਿੱਤਾ। ਉਸ ਨੇ ਬਚਾਅ ਦੀ ਕੋਸ਼ਿਸ਼ ਕੀਤੀ ਪਰ ਮੱਥੇ 'ਤੇ ਡੂੰਘੀ ਸੱਟ ਲੱਗ ਗਈ ਅਤੇ ਖੂਨ ਨਿਕਲਣ ਲੱਗ ਪਿਆ। ਕਲਰਕ ਓਂਕਾਰ ਨੇ ਬਚਾਅ ਕੀਤਾ। ਉਸ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਤਰਸੇਮ ਲਾਲ ਨੇ ਦੱਸਿਆ ਕਿ ਕੁਲਵਿੰਦਰ ਨੇ ਗਲਤ ਭਾਸ਼ਾ ਦੀ ਵਰਤੋਂ ਕੀਤੀ ਸੀ। ਉਹ ਉਨ੍ਹਾਂ ਨਾਲ ਗੁੱਥਮ-ਗੁੱਥਾ ਹੋ ਗਿਆ। ਹੇਠਾਂ ਡਿੱਗਣ ਕਾਰਣ ਉਸ ਦੇ ਮੱਥੇ 'ਤੇ ਕੁਰਸੀ ਲੱਗ ਗਈ, ਜਿਸ ਕਾਰਣ ਉਸ ਨੂੰ ਸੱਟ ਲੱਗੀ। ਉਸ ਦੇ ਸਿਰ 'ਤੇ ਉਸ ਨੇ ਕੋਈ ਰਾਡ ਨਹੀਂ ਮਾਰੀ।

ਸਕੂਲ ਦੀ ਕਾਰਜਕਾਰੀ ਪਿੰਸੀਪਲ ਪ੍ਰਸਿੰਨੀ ਦੇਵੀ ਨੇ ਕਿਹਾ ਕਿ ਜਦੋਂ ਘਟਨਾ ਵਾਪਰੀ, ਉਹ ਆਪਣੇ ਕਮਰੇ 'ਚ ਬੱਚਿਆਂ ਨੂੰ ਪੜ੍ਹਾ ਰਹੀ ਸੀ। ਉਨ੍ਹਾਂ ਨੂੰ ਜੋ ਸੂਚਨਾ ਮਿਲੀ, ਉਸ ਸਬੰਧੀ ਪ੍ਰਿੰਸੀਪਲ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਦੂਜੇ ਪਾਸੇ ਜ਼ਿਲਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਉਪ ਜ਼ਿਲਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਪ੍ਰਿੰ. ਕੰਵਲਜੀਤ ਕੌਰ ਨੂੰ ਰਿਪੋਰਟ ਬਣਾ ਕੇ ਭੇਜਣ ਲਈ ਕਿਹਾ ਗਿਆ ਹੈ। ਡੀ. ਈ. ਓ. ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਡਿਪਟੀ ਡੀ. ਈ. ਓ. ਅਧਿਆਪਕਾਂ ਦੇ ਬਿਆਨ ਕਮਲਬੱਧ ਕਰਨਗੇ, ਰਿਪੋਰਟ ਮਿਲਣ 'ਤੇ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਖਿਲਾਫ ਵਿਭਾਗੀ ਕਾਰਵਾਈ ਹੋਵੇਗੀ। ਖਬਰ ਲਿਖੇ ਜਾਣ ਤੱਕ ਅਧਿਆਪਕ ਸੰਗਠਨ ਦੋਵਾਂ ਅਧਿਆਪਕਾਂ 'ਚ ਰਾਜ਼ੀਨਾਮਾ ਕਰਵਾਉਣ 'ਚ ਲੱਗੇ ਹੋਏ ਸਨ।


Baljeet Kaur

Content Editor

Related News