ਵਿਆਹ ਕਰਵਾ ਵਿਦੇਸ਼ ਭੱਜੇ ਪਤੀ ਖ਼ਿਲਾਫ਼ ਪਤਨੀ ਦਾ ਐਲਾਨ, ਕਿਹਾ-ਇਨਸਾਫ਼ ਨਾ ਮਿਲਿਆ ਤਾਂ ਜਾਵਾਂਗੀ ਸਪੇਨ

9/22/2020 12:54:18 PM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਵਿਦੇਸ਼ ਰਹਿਣ ਵਾਲੇ ਨੌਜਵਾਨ ਪੰਜਾਬ ਦੀਆਂ ਕੁੜੀਆਂ ਨਾਲ ਧੋਖਾ ਕਰ ਜਾਂਦੇ ਹਨ। ਇਸ ਲਈ ਕਈ ਤਰ੍ਹਾਂ ਦੇ ਕਾਨੂੰਨ ਵੀ ਬਣਾਏ ਗਏ ਪਰ ਅੱਜ ਵੀ ਕਈ ਕੁੜੀਆਂ ਐੱਨ.ਆਰ.ਆਈਜ਼. ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਹੀ ਨਵਾਂ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਕੁੜੀ ਐੱਨ.ਆਰ.ਆਈ. ਦੇ ਧੋਖੇ ਦਾ ਸ਼ਿਕਾਰ ਹੋਈ ਹੈ। ਇਸ ਸਬੰਧੀ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਗੁੰਡਾਗਰਦੀ: ਫਤਿਹ ਗੈਂਗ ਵਲੋਂ ਅਗਵਾ ਨੌਜਵਾਨ 'ਤੇ ਬੇਤਹਾਸ਼ਾ ਤਸ਼ੱਦਦ, ਵੀਡੀਓ ਬਣਾ ਕੀਤੀ ਵਾਇਰਲ

ਇਸ ਸਬੰਧੀ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਪੀੜਤ ਰਵਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਜਗਦੇਵ ਖੁਰਦ ਨੇ ਦੱਸਿਆ ਕਿ ਉਸ ਦਾ ਵਿਆਹ 23 ਫਰਵਰੀ 20019 ਨੂੰ  ਕਵਪ੍ਰੀਤ ਸਿੰਘ ਵਾਸੀ ਸੋਹੀਆਂ ਕਲਾਂ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਬਾਕੀ ਕੁੜੀਆਂ ਵਾਂਗ ਸੁਫ਼ਨੇ ਸਜਾਏ ਸਨ ਕਿ ਮੈਂ ਵੀ ਵਿਦੇਸ਼ ਜਾਵਾਂਗੀ ਪਰ ਮੇਰੇ ਸਾਰੇ ਸੁਫ਼ਨੇ ਟੁੱਟ ਗਏ। ਵਿਆਹ ਤੋਂ ਬਾਅਦ ਸਿਰਫ਼ ਇਕ ਮਹੀਨਾ ਹੀ ਉਹ ਆਪਣੇ ਪਤੀ ਨਾਲ ਰਹੀ ਸੀ ਬਾਅਦ 'ਚ ਕਦੇ ਉਨ੍ਹਾਂ ਨਾਲ ਮੇਰੀ ਕੋਈ ਗੱਲ ਨਹੀਂ ਹੋਈ। ਜਦੋਂ ਮੈਂ ਉਨ੍ਹਾਂ ਨੂੰ ਵਿਦੇਸ਼ ਫੋਨ ਕਰਦੀ ਹਾਂ ਤਾਂ ਉਹ ਕਹਿੰਦੇ ਹਨ ਕਿ ਅਸੀਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਤੇ ਆਪਣੇ ਪੇਕੇ ਘਰ ਹੀ ਰਹਿ। ਇਸ ਤੋਂ ਬਾਅਦ ਦੁਖੀ ਹੋ ਕੇ ਮੈਂ ਅੰਮ੍ਰਿਤਸਰ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਉਸ 'ਚ ਵੀ 7 ਮਹੀਨਿਆਂ ਬਾਅਦ ਸਾਨੂੰ ਗਲਤ ਰਿਪੋਰਟ ਬਣਾ ਕੇ ਦਿੱਤੀ ਗਈ ਤੇ ਕੋਈ ਇਨਸਾਫ਼ ਨਹੀਂ ਮਿਲਿਆ। ਪਹਿਲਾਂ ਤਾਂ ਮੇਰੇ ਪਤੀ ਨੇ ਮੇਰੇ ਨਾਲ ਧੋਖਾ ਕੀਤਾ ਤੇ ਜਦੋਂ ਇਸ ਦੀ ਸ਼ਿਕਾਇਤ ਮੈਂ ਪੁਲਸ ਨੂੰ ਕੀਤੀ ਤਾਂ ਉਨ੍ਹਾਂ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ। ਉਸ ਨੇ ਕਿਹਾ ਕਿ ਜੇਕਰ ਹੋ ਸਕਿਆ ਤਾਂ ਸਪੇਨ 'ਚ ਆਪਣੇ ਪਤੀ ਨੂੰ ਲੱਭਣ ਲਈ ਜਾਵਾਂਗੀ ਕਿਉਂਕਿ ਮੈਨੂੰ ਇਨਸਾਫ਼ ਚਾਹੀਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਪੈਰ ਮਾਰ ਕੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ

ਪੀੜਤਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਹਾਲਾਤ ਬਹੁਤ ਖ਼ਰਾਬ ਹਨ। ਉਸ ਨੇ ਆਪਣੇ ਬੱਚਿਆਂ ਬਹੁਤ ਮੁਸ਼ਕਲ ਨਾਲ ਪੜ੍ਹਾਇਆ-ਲਿਖਾਇਆ ਹੈ। ਉਸ ਨੇ ਬਹੁਤ ਸਾਰੇ ਸੁਫ਼ਨੇ ਸਜਾਏ ਸਨ ਕਿ ਮੇਰੀ ਧੀ ਸਹੁਰੇ ਘਰ 'ਚ ਰਾਜ ਕਰੇਗੀ ਪਰ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ। ਇਹ ਧੋਖਾ ਮੇਰੀ ਭੈਣ ਬਲਵੀਰ ਕੌਰ ਨੇ ਕੀਤਾ ਹੈ। ਇਨ੍ਹਾਂ ਨੇ ਖ਼ੁਦ ਮੈਨੂੰ ਵਿਸ਼ਵਾਸ ਦਵਾਇਆ ਸੀ ਕਿ ਵੱਡੇ ਘਰ 'ਚ ਤੇਰੀ ਧੀ ਦਾ ਰਿਸ਼ਤਾ ਕਰ ਦਿਆਂਗੇ, ਜਿਥੇ ਉਹ ਰਾਜ ਕਰੇਗੀ। ਉਸ ਨੇ ਦੱਸਿਆ ਕਿ ਮੇਰੇ ਪਤੀ ਦੀ 20 ਸਾਲ ਪਹਿਲਾਂ ਮੌਤ ਚੁੱਕੀ ਹੈ ਤੇ ਮੈਂ ਇਕੱਲੀ ਬਹੁਤ ਮੁਸ਼ਕਲ ਸੰਘਰਸ਼ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਇਥੇ ਤੱਕ ਲਿਆਂਦਾ ਸੀ। ਉਸ ਨੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਦੀ ਕਰਤੂਤ: ਪਹਿਲਾਂ ਕੁੜੀ ਨਾਲ ਕੀਤਾ ਜਬਰ-ਜ਼ਿਨਾਹ ਫਿਰ ਲੁੱਟ ਕੇ ਲੈ ਗਿਆ ਸਭ ਕੁਝ

ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਰਵਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਜਗਦੇਵ ਖੁਰਦ ਵਲੋਂ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦਾ ਵਿਆਹ ਕਵਪ੍ਰੀਤ ਸਿੰਘ ਵਾਸੀ ਸੋਹੀਆਂ ਕਲਾਂ ਨਾਲ ਹੋਇਆ ਸੀ, ਜੋ ਹੁਣ ਉਹ ਸਪੇਨ 'ਚ ਰਹਿ ਰਹੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਦਾਜ ਦੀ ਮੰਗ ਵੀ ਕਰਦੇ ਸਨ। ਇਸ 'ਤੇ ਜਾਂਚ ਕਰਨ ਤੋਂ ਬਾਅਦ ਉਸ ਦੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਜਲਦ ਤੋਂ ਜਲਦ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Baljeet Kaur

Content Editor Baljeet Kaur