ਮਨਜਿੰਦਰ ਸਿੰਘ ਸਿਰਸਾ ਖਿਲਾਫ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਨੂੰ ਦਿੱਤੀ ਸ਼ਿਕਾਇਤ
Thursday, Mar 14, 2019 - 09:25 AM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਪਿੰਡ ਰਾਮਪੁਰਾ ਝੀਤੇ ਕਲਾਂ ਦੀਆਂ ਸੰਗਤਾਂ ਨੇ ਮਨਜਿੰਦਰ ਸਿੰਘ ਸਿਰਸਾ ਦੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਣਨ 'ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਲਿਖਤੀ ਮੰਗ ਪੱਤਰ ਸੌਂਪਿਆ। ਰਾਮਪੁਰਾ ਝੀਤੇ ਕਲਾਂ ਦੇ ਮਨਜੀਤ ਸਿੰਘ ਤੇ ਸੁਖਚੈਨ ਸਿੰਘ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਦਿੰਦਿਆਂ ਕਿਹਾ ਕਿ ਕਨਸੋਆਂ ਤੋਂ ਪਤਾ ਲੱਗਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਦਾੜ੍ਹੀ ਰੰਗਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੂੰ ਲਾਇਆ ਜਾ ਰਿਹਾ ਹੈ ਪਰ ਕੋਈ ਵੀ ਪਤਿਤ ਤੇ ਤਨਖਾਹੀਆ ਸਿੱਖ ਗੁਰਦੁਆਰਾ ਪ੍ਰਬੰਧਾਂ ਦਾ ਸੁਧਾਰ ਨਹੀਂ ਕਰ ਸਕਦਾ। ਉਨ੍ਹਾਂ ਸਿਰਸਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਬਰਾਂ, ਮੜ੍ਹੀਆਂ ਤੇ ਦੇਹਧਾਰੀ ਸਾਧਾਂ ਅੱਗੇ ਸਿਜਦੇ ਕਰਨ ਵਾਲੇ ਪਤਿਤ ਸਿਰਸਾ ਦੀ ਕੌਮ ਨੂੰ ਲੋੜ ਨਹੀਂ, ਇਸ ਲਈ ਕਿਸੇ ਰਾਜਨੀਤਕ ਅਤੇ ਕਰਮਕਾਂਡ ਕਰਨ ਵਾਲੇ ਨੇਤਾ ਨੂੰ ਛੱਡ ਕੇ ਪੂਰਨ ਗੁਰਸਿੱਖ ਅਤੇ ਕੌਮ ਨੂੰ ਸਮਰਪਿਤ ਸ਼ਖਸ ਨੂੰ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਾਇਆ ਜਾਵੇ।
ਪੱਤਰ ਸਿੰਘ ਸਾਹਿਬ ਨੂੰ ਸੌਂਪ ਦਿੱਤਾ ਜਾਵੇਗਾ
ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਕਿਹਾ ਕਿ ਸੰਗਤਾਂ ਦਾ ਮੰਗ ਪੱਤਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤਾ ਜਾਵੇਗਾ, ਜਿਸ 'ਤੇ ਵਿਚਾਰ ਕਰਨ ਉਪਰੰਤ ਕੋਈ ਅਗਲਾ ਫੈਸਲਾ ਸੁਣਾਇਆ ਜਾਵੇਗਾ।